ਵਾਹ ਵਾਹ ਤੇਰੇ ਤੀਰ ਪਿਆਰੇ, ਸਾਫ ਨਿਸ਼ਾਨੇ ਲਾਵਨ।
ਵੇਖ ਉਡਾਰੀ ਤਾਰੀ ਪਿਆਰੀ, ਪਰੀਆਂ ਭੀ ਸ਼ਰਮਾਵਨ।
ਐਸੇ ਮਿੱਠੇ ਫਲ ਏਨ੍ਹਾਂ ਦੇ, ਦੂਤੀ ਹਸ ਹਸ ਖਾਵਨ।
ਉੱਕਾ ਪੁੱਕਾ ਵਿੰਨ੍ਹ ਕਲੇਜਾ, ਏਹ ਭੀ ਭੁੱਖ ਮਿਟਾਵਨ।
ਵਾਂਗ ਕਬੂਤਰ ਚਿੱਠੀਆਂ ਖੜਕੇ, ਮਾਰਨ ਗੁੱਝੀਆਂ ਚੋਟਾਂ।
ਚੌਸਰ ਖੇਲਨ ਵਾਲੇ ਚਾਤਰ, ਭੁੱਲਣ ਚਾਲਾਂ ਗੋਟਾਂ।
ਤੇਗ ਤੇਰੀ ਏ ਵਿਚ ਮਿਆਨੇ, ਸਾਹਿਬ ਕੌਰ ਸਜਾਵੇ।
ਰਣ ਵਿਚ ਆਵੇ ਚੰਚਲ ਬਣਕੇ, ਲਾਲਾਂ ਪਰੀ ਕਹਾਵੇ।
ਬਰਸੇ ਸਾਵਨ ਬਰਖਾ ਵਾਂਗੂੰ, ਬਿਜਲੀ ਪਈ ਚਮਕਾਵੇ।
ਖਿੱਦੋ ਵਾਗੂੰ ਸੀਸ ਸਰੀਰੋਂ ਟੋਟੇ ਮਾਰ ਉਡਾਵੇ।
ਰੋਪੜ ਦੇ ਵਿਚ ਨਾਲ ਸਫਾਈ, ਕਰ ਗਈ ਐਸੀਆਂ ਕਾਟਾਂ।
ਸੂਰਜ ਬਣ ਬਣ ਜ਼ੱਰੇ ਏਦ੍ਹੇ, ਅਜ ਪਏ ਮਾਰਨ ਲਾਟਾਂ।
ਚਿੱਟੇ ਚਿੱਟੇ ਬਾਜ ਤੇਰੇ ਸਨ, ਅਰਸ਼ਾਂ ਉਤੋਂ ਆਏ।
ਏਨ੍ਹਾਂ ਨੇ ਵੀ ਅੰਮ੍ਰਿਤ ਵਿਚੋਂ, ਬਲ ਸ਼ਕਤੀ ਦੇ ਪਾਏ।
ਖੁੱਲ੍ਹ ਗਈਆਂ ਜਿਸ ਵੇਲੇ ਡੋਰਾਂ, ਪੈਂਛੀ ਮਾਰ ਉਡਾਏ।
ਸ਼ੇਰਾਂ ਨੇਤਰ ਨੀਵੇਂ ਕੀਤੇ, ਬਿਰਈ ਮਾਰ ਮੁਕਾਏ।
ਜੇਕਰ ਲੱਭੇ ਖੰਭ ਹੁਮਾ ਦਾ, ਓਹਦੀ ਕਲਮ ਸਜਾਵਾਂ।
ਸਿਫ਼ਤ ਉਨ੍ਹਾਂ ਦੀ ਲਿਖਣੇ ਬਦਲੇ, ਕਾਗਜ਼ ਚੰਦ ਬਣਾਵਾਂ।
ਵਾਹ ਵਾਹ ਸੁੰਦਰ ਕਲਗੀ ਤੇਰੀ, ਮਾਰ ਦਿੱਤੇ ਲਿਸ਼ਕਾਰੇ।
ਨੂਰੋ ਨੂਰ ਹੋਯਾ ਹਿੰਦ ਸਾਰਾ, ਛੁੱਟੇ ਨੂਰ ਫੁਹਾਰੇ।
ਕਿਰ ਕਿਰ ਕਿਰਨਾਂ ਸੂਰਜ ਮੁੱਖੋਂ, ਖਿੱਲਰ ਗਈਆਂ।
ਬੰਜਰ ਬਾਰ ਮਲੋਈਆਂ ਦੇ ਭੀ, ਖੋਲ੍ਹ ਦਿੱਤੇ ਸੀ ਬਾਰੇ।
ਅਵਤਾਰਾਂ ਦਾ ਰਾਜਾ ਆਯੋਂ, ਧਰ ਨੂਰਾਨੀ ਕਲਗੀ।
ਜਾਦੂਗਰ ਭੀ ਬੰਦੇ ਬਣ ਗਏ, ਵੇਖ ਨਿਸ਼ਾਨੀ ਕਲਗੀ।
ਅੰਮ੍ਰਿਤ ਪਿਆਲੇ ਐਸੇ ਪਿਆਏ, ਸੰਗਪ ਨੂੰ ਤੂੰ ਸਾਈਆਂ।
ਬੱਕਰੀਆਂ ਨੂੰ ਸ਼ੇਰ ਬਣਾਯਾ, ਚਿੜੀਆਂ ਬਾਜ ਬਣਾਈਆਂ।
੩੧.