ਪੰਜ ਪੰਜ ਘੁੱਟ ਪਾਣੀ ਖੰਡੇ ਦਾ ਪਿਆਲ ਕੇ
ਕ: ਆ ਜਾ ਮੇਰੀ ਕਲਮ ਪ੍ਯਾਰੀ ਜਾਵਾਂ ਤੈਥੋਂ ਬਲਿਹਾਰੀ।
ਚਲ ਖਾਂ ਚਕੋਰ ਵਾਲੀ ਚਾਲ ਝੂਲ ਝਾਲਕੇ।
ਸੰਗਤਾਂ ਦੇ ਦਿਲਾਂ ਨੂੰ ਆਨੰਦ ਜ਼ਰਾ ਕਰ ਦੇਵੀਂ,
ਕਲਗੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲਕੇ।
ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿਚ,
ਬੈਠੀਆਂ ਅਨੰਦ ਪੁਰ ਉਤੇ ਘੇਰਾ ਡਾਲਕੇ।
ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ,
ਘਲਿਆ ‘ਅਜੀਤ' ਜੀ ਨੂੰ ਪਿਤਾ ਨੇ ਸਿਖਾਲਕੇ।
ਦੂਜੀ ਗੁਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗੂੰ,
ਉੱਚ ਵਾਲੇ ਸਿੰਘ ਪੀਰ ਨਾਲ ਲੈ ਕੇ ਬਾਲਕੇ।
ਸ਼ਾਹੀ ਫੌਜਾਂ ਨਾਲ ਆਕੇ ਹੋਯਾ ਐਸਾ ਟਾਕਰਾ ਸੀ,
ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲਕੇ।
ਤੇਗ਼ ਵਾਲੀ ਖੂੰਡੀ ਐਸੀ ਵਾਹੀ ਸੀ ‘ਅਜੀਤ’ ਜੀ ਨੇ,
ਖਿਦੋ ਵਾਂਗ ਸੀਸ ਸੁੱਟੇ ਧੜਾਂ ਤੋਂ ਉਛਾਲਕੇ।
ਜਿਹੜਾ ਆਯਾ ਸਾਮ੍ਹਣੇ ਉਹ ਇਕ ਦਾ ਬਣਾਯਾ ਦੋ,
ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲਕੇ।
ਗੋਰਾ ਗੋਰਾ ਮੁਖ ਜਿਨੂੰ ਤੇਗ ਦਾ ਵਿਖਾਲ ਦਿਤਾ,
ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲਕੇ।
ਦੂਜੇ ਪਾਸੇ ਚੱਟਦੀ ਸੀ ਤੇਗ਼ ਦਸਮੇਸ਼ ਜੀ ਦੀ,
ਵੈਰੀਆਂ ਦੇ ਕਾਲਜੇ ਦਾ ਖੂਨ ਭਾਲ ਭਾਲਕੇ।
੩੩.