ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/35

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਿਜਲੀ ਬਣਕੇ ਰਣ ਵਿਚ ਲਿਸ਼ਕੀ,

ਬੱਦਲ ਬਣਕੇ ਕੜਕੀ!

ਬਸਤੇ ਵਾਲੇ ਨਿਕਲ ਮਿਆਨੋਂ ਮੇਰੀ ਕਲਮ ਪਿਆਰੀ।
ਕਰੀਂ ਮੁਹਿੰਮ ਮਿਰੀ ਸਰਸਾਰੀ ਬਣ ਗਈ ਸਿਰ ਤੇ ਭਾਰੀ।
ਦਲ ਅੱਖਰ ਨੇ ਚੜ੍ਹ ਚੜ੍ਹ ਆਏ ਤੂੰ ਹੈਂ ਇਕ ਵਿਚਾਰੀ।
ਕਲਗੀਧਰ ਦੀ ਤੇਗੋਂ ਲੈ ਗੁਣ ਬਣ ਜਾਂ ਤੇਗ ਦੁਧਾਰੀ।
ਨਿੱਕੇ ਨਿੱਕੇ ਹੱਥ ਅਜੇਹੇ ਵਾਂਗ ਜੁਝਾਰ ਦਿਖਾਵੀਂ।
ਕਾਗਜ਼ ਉਤੇ ਸ਼ੇਅਰਾਂ ਵਾਲੇ ਸੱਥਰ ਚਾ ਵਿਛਾਵੀਂ।
ਦਸਮ ਗੁਰੂ ਜੀ! ਤੇਗ ਤੇਰੀ ਦੀ ਕੀਕਰ ਸਿਫ਼ਤ ਸੁਣਾਵਾਂ।
ਦੀਪ ਕੌਰ ਇਹ ਜਿੱਧਰ ਪਹੁੰਚੀ ਸਾਂਭੇ ਪੁਤ ਨਾਂ ਮਾਵਾਂ।
ਸ਼ਹਿਨਸ਼ਾਹਾਂ ਦੇ ਹਿਰਦੇ ਡੋਲੇ ਇਹਦੀਆਂ ਵੇਖ ਅਦਾਵਾਂ।
‘ਜ਼ੁਹੀਲ ਮਰੀਖ’ ਅਕਾਸ਼ੀਂ ਕੰਬੇ ਵੇਖ ਇਹਦਾ ਪਰਛਾਵਾਂ।
ਸ਼ੀਸ਼ੇ ਅੰਦਰ ਇਹ 'ਪਦਮਾਵਤ' ਜੇਕਰ ਮੂੰਹ ਵਿਖਾਵੇ।
ਦਿਲ ਵੈਰੀ ਦਾ ਵਾਂਗਰ ਕੱਚ ਦੇ ਟੋਟੇ ਹੋ ਹੋ ਜਾਵੇ।
ਬਿਜਲੀ ਬਣਕੇ ਰਣ ਵਿਚ ਲਿਸ਼ਕੀ ਬੱਦਲ ਬਣਕੇ ਕੜਕੀ।
ਮੱਛੀ ਵਾਂਗੁੰ ਤੜਫੀ ਜਾ ਜਾ ਏਹ ਲੜਾਕੀ ਲੜਕੀ।
ਫੜਕੀ ਅੱਖ ਵੈਰੀ ਦੀ ਖੱਬੀ ਨਾਲੇ ਛਾਤੀ ਧੜਕੀ।
ਤਿੱਖੀ ਧਾਰੋਂ ਆਬ ਪਿਲਾਕੇ ਮੱਠੀ ਕੀਤੀ ਭੜਕੀ।
ਵਾਲ ਜਿੰਨੀ ਨਾਂ ਰੜਕੀ ਕਿਧਰੇ ਸਾਫ਼ ਸਰੀਰੋਂ ਨਿਕਲੀ।
ਵਿਚੇ ਹੀ ਲਾ ਗਈ ਲੀਕਾਂ ਰੱਤ ਨਾਂ ਚੀਰੋਂ ਨਿਕਲੀ।
ਝੰਮਣੀਆਂ ਦੇ ਵਾਂਗੂੰ ਟੇਢੀ ਬਾਂਕੇ ਵਾਰ ਚਲਾਵੇ।
ਸਿਰ ਫੌਜਾਂ ਦੇ ਝੰਬੇ ਐਸੀ ਫੁੱਟੀਆਂ ਵਾਂਗ ਉਡਾਵੇ।
ਚੱਲੇ ਕਲਮ ਰਬਾਣੀ ਬਣਕੇ ਕਿਸ ਤੋਂ ਮੋੜੀ ਜਾਵੇ?
ਤਿੱਕੇ ਬੋਟੀ ਕਰ ਕਰ ਦੂਤੀ ਅੱਖਰ ਵਾਂਗ ਮਿਟਾਵੇ।

੩੫.