ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/44

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੁੱਲੇ ਦਾਨ ਦੇ ਐਸੇ ਵਗਾ ਦਿਤੇ,
ਹਰੀ ਚੰਦ ਵਾਂਗੂੰ, ਹਜ਼ਰਤ ਅਲੀ ਵਾਂਗੂੰ।
ਖਾਨਦਾਨਾਂ ਦੇ ਖਾਨਦਾਂ ‘ਫੁਲ' ਬਣ ਗਏ,
ਕਿਸਮਤ ਬੰਦ ਸੀ ਜਿਨ੍ਹਾਂ ਦੀ ਕਲੀ ਵਾਂਗੂੰ।
ਤੁਸਾਂ ‘ਮਖਣ' ਚੁਰਾਕੇ ਨਹੀਂ ਖਾਧਾ,
ਸਗੋਂ ਲੋਕਾਂ ਨੂੰ ਮਖਣ ਖੁਔਣ ਆਏ।
ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ,
ਰੁੜਦੇ ਬੇੜਿਆਂ ਨੂੰ ਬੰਨੇ ਲੌਣ ਆਏ।
ਪਰਲੋ ਤੀਕ ਨਾ ਪੰਥ ਤੋਂ ਲਥਣਾ ਏਂ,
ਜੇੜ੍ਹਾ ਵਾਹਦਤ ਦਾ ਰੰਗ ਚੜਾ ਗਏ।
ਸਾਡੇ ਪਿਛੇ ਨਾ ਬਣੇ ਸਮਾਧ ਸਾਡੀ,
ਜਾਣ ਲਗੇ ਇਹੋ ਹੁਕਮ ਫਰਮਾ ਗਏ।
ਮਤਾਂ ਲੋਕ ਸਮਾਧ ਦੀ ਕਰਨ ਪੂਜਾ,
ਜਦੋਂ ਸ਼ਰਧਾ ਦੇ ਜੋਸ਼ ਵਿਚ ਆ ਗਏ।
ਸਦਕੇ ਜਾਂ ਮੈਂ ਗੁਰੂ ਜੀ ਤੁਸੀਂ ਵਾਹ ਵਾਹ,
ਇਕੋਂਕਾਰ ਦੇ ਅਰਥ ਸਮਝਾ ਗਏ।
'ਸ਼ਰਫ਼' ਦੁਸ਼ਮਣੀ ਕਿਸੇ ਦੇ ਨਾਲ ਨਹੀਂ ਸੀ,
ਤੁਸੀਂ ਪਾਪ ਤੇ ਜ਼ੁਲਮ ਮਿਟੌਣ ਆਏ।
ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ,
ਰੁੜਦੇ ਬੇੜਿਆਂ ਨੂੰ ਬੰਨੇ ਲੌਣ ਆਏ।

੪੪.