ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/50

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

'ਏਕੋ ਬ੍ਰਹਮ ਤੇ ਸਰਬ ਬ੍ਰਹਮ' ਮੰਤਰ,
ਰਿਗ ਵੇਦ ਦੇ ਵਿਚੋਂ ਉਚਾਰ ਕੀਤਾ।
ਅਰਥ ਏਹ ਕਿ ਆਪ ਪ੍ਰਮਾਤਮਾ ਨੇ,
ਜ਼ੱਰੇ ਜ਼ੱਰੇ ਦੇ ਵਿਚ ਅਵਤਾਰ ਕੀਤਾ।
ਓਹਦੇ ਵਾਸਤੇ ਸਭਨਾਂ ਦਾ ਇਕ ਰੁਤਬਾ,
ਜੀਵ ਜੰਤ ਜੋ ਵਿਚ ਸੰਸਾਰ ਕੀਤਾ।
ਕੀਤੀ ਕ੍ਰਿਪਾ ਬ੍ਰਾਹਮਨ ਤੇ ਨਹੀਂ ਉੱਚਾ,
ਤੇ ਨਹੀਂ ਸ਼ੂਦਰ ਨੂੰ ਘਟ ਪਿਆਰ ਕੀਤਾ।
ਰਾਮ—ਲਛਮਣ ਬੀ ਓਸੇ ਉਪਾਏ ਹੈਸਨ,
ਪਰਗਟ ਓਸੇ ਨੇ ਚੇਤਾ ਚਮਿਆਰ ਕੀਤਾ।
ਫ਼ਤੇ ਬੋਲ ਗ੍ਰੰਥੀ ਜੀ ਫੇਰ ਉਚਰੇ,
'ਸਾਡੇ ਧਰਮ ਨੇ ਇਹ ਪ੍ਰਚਾਰ ਕੀਤਾ।
ਕਹੋ ਬੇਦ ਕਤੇਬ ਨੂੰ ਮਤ ਝੂਠਾ,
ਝੂਠਾ ਓਹ, ਨਾਂ ਜਿਨ੍ਹੇ ਵਿਚਾਰ ਕੀਤਾ।
ਓਹੋ ਰੋਦਿਆ ਗਿਆ ਦਰਗਾਹ ਵਿਚੋਂ,
ਏਸ ਗੱਲ ਤੋਂ ਜਿਨ੍ਹੇ ਇਨਕਾਰ ਕੀਤਾ।
ਰਚਨਾ ਓਸੇ ਦੀ ਸਾਰੀ ਰਚਾਈ ਹੋਈ ਏ,
ਜੋ ਜੋ ਜੱਗ ਦੇ ਵਿਚ ਕਰਤਾਰ ਕੀਤਾ।
ਵੱਖੋ ਵੱਖਰਾ ਨਾਮ ਜਪਾਉਣ ਬਦਲੇ,
ਰੰਗ ਰੰਗ ਉਪਾ ਪਸਾਰ ਕੀਤਾ।
ਇੱਕੋ ਟਿੰਗ ਉੱਤੇ ਕੰਢਾ ਫੁੱਲ ਲਾਕੇ,
ਘ੍ਰਿਣਾ ਈਰਖਾ ਵਿਚ ਸੁਧਾਰ ਕੀਤਾ।
ਕਿਸੇ ਹੱਥ ਕੜਾ, ਕਿਸੇ ਹੱਥ ਤਸਬੀ,
ਗਲ ਕਿਸੇ ਦੇ ਜੰਜੂ ਦਾ ਹਾਰ ਕੀਤਾ।
ਇਕਨਾ ਸੋਹਣੀਆਂ ਸ਼ੌਹ ਭਰਮਾਣ ਬਦਲੇ,
ਰੰਗ ਰੰਗ ਦਾ ਹਾਰ ਸ਼ਿੰਗਾਰ ਕੀਤਾ।

੫੦.