ਬੈਠਾ ਮੋਰਚੇ ਗੱਡ ਕੇ 'ਦੁਸ਼ਟ' ਏਧਰ,
ਠੋਕਰ ਮਾਰ ਕੇ ਜਿਨਹੂੰ 'ਇਕਬਾਲ' ਤੁਰਿਆ।
ਲੈ ਕੇ ਸ਼ਿਮਰ ‘ਹਰਾਮੀਆਂ' ‘ਸਾਮੀਆਂ’ ਨੂੰ,
ਮਾਰਨ ਜਿਉਂ ‘ਰਸੂਲ' ਦੀ ‘ਆਲ' ਤੁਰਿਆ।
ਓਸੇ ਤਰ੍ਹਾਂ ‘ਗੁਰੂ ਨਾਨਕ' ਦੇ ਸੇਵਕਾਂ ਨੂੰ;
ਕਤਲ ਕਰਨ ‘ਨਰੈਣਾ' ਚੰਡਾਲ ਤੁਰਿਆ।
ਮਾਰ ਜੰਦਰੇ, ਅੰਦਰੇ ਸਿੰਘ ਮਾਰੇ,
‘ਬਾਸ਼ਕ' ਧੌਲ ਦੇ ਦਿਲੋਂ ਭੁਚਾਲ ਤੁਰਿਆ।
ਧਰਤੀ 'ਜਲਿਆਂ ਵਾਲ' ਦੀ ਕੰਬ ਉਠੀ,
ਧਰੂਹ ਭਗਤ ਵੀ ਹੋ ਕੇ ਬੇਹਾਲ ਤੁਰਿਆ।
'ਧਾਰਾਂ ਲਹੂ' ਦੀਆਂ ਇਸ ਤਰ੍ਹਾਂ ਚਲੀਆਂ ਸਨ;
ਆਵੇ ਖਾਲ ਦਾ ਜਿਵੇਂ ਨਿਕਾਲ ਤੁਰਿਆ।
ਇਹ ਅਸਚਰਜ 'ਪਚਕਾਰੀਆਂ' ਨਜ਼ਰ ਆਈਆਂ,
ਨਾੜ ਨਾੜ ਚੋਂ ਲਾਲ ਗੁਲਾਲ ਤੁਰਿਆ।
‘ਨਾਫ਼ੇ’ ਖੁਲ੍ਹੇ ‘ਸ਼ਹੀਦਾਂ ਦੇ ਖੂਨ' ਦੇ ਜਹੇ,
ਹਰਨ ਖ਼ਿਤਨ ਦਾ ਜਿਗਰ ਸੰਭਾਲ ਤੁਰਿਆ।
'ਖ਼ਾਕ ਪਾਕ' ਨਾਂ ਮਥੇ ਦੇ ਨਾਲ ਲਾਈ,
ਐਸੇ ਆਸ ਵਿਚ ਕੋਈ ਨਿਢਾਲ ਤੁਰਿਆ।
ਐਸੇ ‘ਦੇਸ' ਨੂੰ ਕਿਸੇ ‘ਅਦੇਸ' ਕਹਿਆ,
ਕੋਈ ਬੋਲ ‘ਸਤਿ ਸ੍ਰੀ ਅਕਾਲ' ਤੁਰਿਆ।
ਦਰਸ਼ਨ ਕਰਨ ਦੀ ਕਿਸ ਨੂੰ ਰੀਝ ਰਹਿ ਗਈ,
ਕੋਈ ਵੇਖ ‘ਦੀਦਾਰ' ਜਮਾਲ ਤੁਰਿਆ।
ਕਿਸੇ ਹੱਸਕੇ ਛਵ੍ਹੀਆਂ ਦੇ ਵਾਰ ਝੱਲੇ,
ਇਕ ਹਿੱਕ ਦੀ ਭੰਨਕੇ ਢਾਲ ਤੁਰਿਆ।
ਬਲ ਅੱਖਾਂ ਦੇ ‘ਪ੍ਰੀਤਮ' ਦੀ ਗਲੀ ਅੰਦਰ,
ਖ਼ਾਕ ਪਾਕ ਨੂੰ ਵੇਖ ਕੋਈ ਭਾਲ ਤੁਰਿਆ।
੫੪.