ਵੇਖ ਵੇਖ ਕੇ ਹੁਸਨ ਦੇ ਮੁਠਿਆਂ ਨੂੰ,
ਲਗ ਗਿਆ ਹੈ ਇਸ਼ਕ ਕਮਾਲ ਮੈਨੂੰ।
ਜੀਹਦੇ ਦੀਦ ਨ ਇਨ੍ਹਾਂ ਫਟਿਆ ਸੀ,
ਹੈ ਅਜ ਓਸ ਪਿਆਰੇ ਦੀ ਭਾਲ ਮੈਨੂੰ,
ਚੜ੍ਹਕੇ ਕਿਰਨਾਂ ਦੀ ਪਉੜੀ ਮੈਂ ਰੋਜ਼ ਦਿਨ ਨੂੰ,
ਨੀਲੀ ਜੱਤ ਉਤੇ ਚਲਿਆ ਜਾਵਨਾ ਹਾਂ।
ਲੈ ਕੇ ਬਾਂਸਰੀ ਪੌਣ ਦੇ ਬੁੱਲਿਆਂ ਦੀ,
ਪੀਆ ਪੀਆ ਦੇ ਗੀਤ ਮੈਂ ਗਾਵਨਾ ਹਾਂ।
ਰੱਸੀ ਰੇਸ਼ਮੀ ਰਿਸ਼ਮਾਂ ਦੀ ਪਕੜ ਕੇ ਤੇ
ਰਾਤੀਂ ਲੱਥ ਅਸਮਾਨ ਤੋਂ ਆਵਨਾ ਹਾਂ।
ਸ਼ੋਖ਼ ਅੱਖੀਆਂ ਵਾਲਾ ਓਹ ਕਿਤੋਂ ਲੱਭੇ,
ਲੁਕ ਲੁਕ ਝਾਤੀਆਂ ਸਾਰੇ ਹੀ ਪਾਵਨਾ ਹਾਂ।
ਝੁਰਮਟ ਵੇਖ ਕੇ ਬੁਲਬੁਲਾਂ ਭੌਰਿਆਂ ਦਾ,
ਮੈਂ ਇਹ ਜਾਣਿਆ ਸੀ ਏਥੇ ਹੋਵਣਾ ਏ।
ਪਰ ਮੈਂ ਭਾਗ ਨਿਖੁੱਟੇ ਨੂੰ ਕੀ ਆਖਾਂ,
ਲਿਖਿਆ ਲੇਖ ਵਿਚ ਇਥੇ ਵੀ ਰੋਵਣਾ ਏ।
ਸੁਣ ਕੇ ਓਹਦੀਆਂ ਗੱਲਾਂ ਮੈਂ ਕਿਹਾ ਮੁੜਕੇ,
ਤੇਰਾ ਬੋਲ ਨਾ ਮੈਨੂੰ ਕੋਈ ਜੱਚਿਆ ਏ।
ਬਾਜ਼ੀਗਰ ਵਾਂਗੂੰ ਚੜ੍ਹ ਕੇ ਵਾਸ ਉਤੇ,
ਐਡਾ ਮੂਰਖ ਨਾਚ ਨੂੰ ਨੱਚਿਆ ਏ।
ਓਹਦੀ ਜੋਤ ਨੂੰ ਚਿਤ ਚੋਂ ਲਭਣਾ ਸਾਈ,
ਜੀਹਦਾ ਜੰਗ ਅੰਦਰ ਗੌਗ਼ਾ ਮੱਚਿਆ ਏ।
ਅੰਦਰ ਦੁੱਧ ਦੇ ਹੁੰਦਾ ਏ ਤੇਜ ਜਿਵੇਂ,
ਏਕਣ ਹਰੀ ਓ ਹਰ ਵਿਚ ਰੱਚਿਆ ਏ।
੬੪.