ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/65

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਿਵੇਂ ਵਗਦੀ ਰਾਤ ਦਿਨ ਜਗ ਅੰਦਰ,
ਪਰ ਨਹੀਂ ਦਿੱਸਦੀ ਕਦੀ ਹਵਾ ਸਾਨੂੰ।
ਏਸੇ ਤਰ੍ਹਾਂ ਓਹ ਥਾਂ ਥਾਂ ਵੱਸਦਾ ਈ,
ਆਵੇ ਨਜ਼ਰ ਨਾ ਪਾਕ ਖ਼ੁਦਾ ਸਾਨੂੰ।

ਤਾਣੇ ਬਾਣੇ ਜਹਾਨ ਦੇ ਤਣ ਤਣ ਕੇ,
ਉੱਖੜ ਗਿਆ ਸਭ ਉਮਰ ਦਾ ਸੂਤ ਤੇਰਾ।
ਭਰ ਗਈ ਸੀਸ ਵਿਚ ਵਾ ਤਕੱਬਰੀ ਦੀ,
ਫੁੱਲਿਆ ਬੁਲਬਲੇ ਵਾਂਗ ਕਲਬੂਤ ਤੇਰਾ।
ਓਸ ਇਕ ਨੇ ਤੈਨੂੰ ਕੀ ਲੱਭਣਾ ਏ,
ਪਰਦਾ ਦੂਈ ਦਾ ਦਿੱਸੇ ਸਬੂਤ ਤੇਰਾ।
ਕੱਚੇ ਜਗ ਦੇ ਕੱਚ ਲਈ ਕੱਚਿਆ ਓ,
ਹੀਰਾ ਜਨਮ ਏ ਗਿਆ ਅਕੂਤ ਤੇਰਾ।

ਕਿਸੇ ਕੋਠੜੀ ਦੀ ਵੜ ਕੇ ਨੁਕਰੇ ਜੇ,
ਓਹਦੀ ਯਾਦ ਦੇ ਵਿਚ ਖਲੋ ਜਾਂਦੋਂ।
ਸ਼ਰਫ' ਸਿੱਪ ਵਾਲੇ ਤੁਪਕੇ ਵਾਂਗ ਤੂੰ ਭੀ,
ਕਿਉਂ ਨਾਂ ਸਾਫ ਸੁੱਚਾ ਮੋਤੀ ਹੋ ਜਾਂਦੋਂ।

੬੫.