ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/83

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਠੰਢੇ-ਠਾਰ ਫੁਹਾਰੇ ਨੇ ਅੰਬਰਾਂ ਤੋਂ,
ਛੱਟੇ ਮਾਰ ਸੰਸਾਰ ਨਿਹਾਲ ਕੀਤਾ।
ਜਿਹੜਾ ਯਾਰ ਸੀ ਯਾਰ ਦੇ ਕੋਲ ਬੈਠਾ,
ਓਹਨੂੰ ਵਸਲ ਅੰਦਰ ਮਾਲਾਮਾਲ ਕੀਤਾ।
ਜਿਹੜਾ ਅੱਗੇ ਵਿਛੋੜੇ ਦਾ ਮਾਰਿਆ ਸੀ,
ਬੁਰਾ ਓਸਦਾ ਏਸਨੇ ਹਾਲ ਕੀਤਾ।
ਕਿਰਨਾਂ ਸੁੱਟਕੇ ਓਸਦੀ ਹਿੱਕ ਉਤੇ,
ਜ਼ਖਮੀ ਕਾਲਜਾ ਨੇਜ਼ਿਆਂ ਨਾਲ ਕੀਤਾ।
ਏਸੇ ਚਾਨਣੀ-ਚਾਨਣੀ—ਰਾਤ ਠੰਢੀ;
ਦਿਲ ਤੇ ਜਿਗਰ ਸਨ ਸਾਰੇ ਹੀ ਸਾੜ ਦਿਤੇ।
ਘੂਰ-ਘੂਰਕੇ ਅੰਬਰੋਂ ਤਾਰਿਆਂ ਨੇ,
ਮੇਰੇ ਸੀਨੇ ਦੇ ਜ਼ਖਮ ਉਘਾੜ ਦਿਤੇ।
ਲੋਕਾਂ ਵਾਸਤੇ ਚਾਨਣੀ ਚੰਦ ਘਲੀ,
ਮੇਰੇ ਲਈ ਹਨੇਰ ਇਹ ਘਲ ਦਿਤਾ।
ਵੇਲਾ ਬੀਤਿਆ ਯਾਦ ਕਰਾ ਮੈਨੂੰ,
ਮਾਰ ਨਸ਼ਤਰਾਂ ਕਾਲਜਾ ਸੱਲ ਦਿਤਾ।
ਰੱਸਾ ਰੇਸ਼ਮੀ-ਰਿਸ਼ਮਾਂ ਦਾ ਵਟਕੇ ਤੇ,
ਮੇਰੇ ਗਲੇ ਅੰਦਰ ਸੌ-ਸੌ ਵਲ ਦਿਤਾ।
ਦਰਦਾਂ ਮਲਿਆ ਮੈਂ ਮਰ-ਚਲਿਆ ਸਾਂ,
ਆਕੇ ਬਾਗ ਦੀ ਯਾਦ ਨੇ ਠੱਲ੍ਹ ਦਿਤਾ।

ਦਿਲ ਨੂੰ ਪਕੜਕੇ ਨਿਕਲਿਆ ਘਰ ਰੋਂਦਾ,
ਸਾਰੇ ਰਾਹ ਅੰਦਰ ਗਿਣਦਾ ਦਾਗ ਆਯਾ।
ਜਿਥੇ ਮਜ਼ੇ ਪਿਆਰ ਦੇ ਲੁਟਦਾ ਸਾਂ,
ਮੇਰੀ ਕਿਸਮਤ ਨੂੰ ਅੱਗੋਂ ਉਹ ਬਾਗ ਆਯਾ।

੮੩.