ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਿਤੇ ਬੈਠਿਆ, ਉਠਿਆ, ਟਹਿਲਿਆ ਮੈਂ,
ਕਿਤੇ ਫੁੱਲਾਂ ਦੇ ਕੋਲ ਖਲੋ ਗਿਆ ਸਾਂ।
ਕਦੀ ਓਸ ਪਾਸੇ, ਕਦੀ ਏਸ ਪਾਸੇ,
ਕਦੀ ਡੰਡੀ ਦੇ ਮੋੜ ਤੇ ਹੋ ਗਿਆ ਸਾਂ।
ਔਧਰ ਜਾ ਚੰਬੇਲੀ ਦੇ ਫੁਲ ਤੋੜੇ,
ਏਧਰ ਚੰਬੇ ਦੀ ਸੁੰਘ ਖੁਸ਼ਬੋ ਗਿਆ ਸਾਂ।
ਫੇਰ ਚਾਰ ਉਲਾਂਘ ਮੈਂ ਪਿਛ੍ਹਾਂ ਆਇਆ,
ਜੇਕਰ ਅਗ੍ਹਾਂ ਵਲੇ ਕਦਮ ਦੋ ਗਿਆ ਸਾਂ।
ਬਾਗ ਵਿਚ ਵੀ ਘਾਹ ਤੇ ਬੂਟਿਆਂ ਤੇ,
ਲਾਈ ਹੋਈ ਬਹਾਰ ਸੀ ਚਾਨਣੀ ਨੇ।
ਪੌਡਰ ਨੂਰਾਂ ਦਾ ਫੁੱਲਾਂ ਤੇ ਧੂੜਿਆ ਸੀ,
ਛਾਣ ਛਾਣ ਅਸਮਾਨ ਦੀ ਛਾਨਣੀ ਨੇ।
ਠੰਡੀ ਚਾਨਣੀ-ਰਾਤ ਦੀ ਖੁਸ਼ੀ ਅੰਦਰ,
ਕਿਤੇ ਚੜ੍ਹੀਆਂ ਗੁਲਾਬ ਨੂੰ ਲਾਲੀਆਂ ਸਨ।
ਨਹੀਂ ਸਨ ਚੋਏ ਤਰੇਲ ਦੇ ਪੱਤੀਆਂ ਤੇ,
ਭਰੀਆਂ ਮੋਤੀਆਂ ਨਾਲ ਇਹ ਥਾਲੀਆਂ ਸਨ।
ਜਦੋਂ ਬੁੱਲੇ ਹਵਾ ਦੇ ਆਂਵਦੇ ਸਨ;
ਕਲੀਆਂ ਮੂੰਹਾਂ ਤੋਂ ਲੌਂਹਦੀਆਂ ਜਾਲੀਆਂ ਸਨ।
ਚੁੰਮਣ ਵਾਸਤੇ ਫੁਲਾਂ ਦੇ ਮੂੰਹ ਸੁੰਦਰ,
ਝੁਕ ਝੁਕ ਦੂਹਰੀਆਂ ਹੁੰਦੀਆਂ ਜਾਂਦੀਆਂ ਸਨ।
ਖਿੜ ਖਿੜ ਮੋਤੀਆ ਹਸਿਆ ਜਦੋਂ ਪ੍ਯਾਰਾ,
ਹੈ ਸੀ ਚਮਕ ਐਸੀ ਇਕ ਇਕ ਦੰਦ ਅੰਦਰ।
੮੪.