ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਤ ਪਾਵਾਂ ਫਟਕਾਰਾਂ
ਕਦੀ ਕਦਾਈਂ ਘਰ ਜੇ ਆਏ
ਮਿੰਨਤਾਂ ਕਰ ਕਰ ਹਾਰਾਂ
ਛੱਡਦੇ ਵੇਲਾਂ ਨੂੰ -
ਲੈ ਲੈ ਤੱਤੀ ਦੀਆਂ ਸਾਰਾਂ

ਪਰ ਐਬੀ ਪਤੀ ਨੂੰ ਆਪਣੀ ਪਤਨੀ ਦੇ ਜਜ਼ਬਿਆਂ ਦਾ ਅਹਿਸਾਸ ਨਹੀਂ। ਉਹ ਤੱਤੀ ਦੀ ਸਾਰ ਲੈਣ ਦੀ ਥਾਂ ਹੋਰ ਸਤਾਉਂਦਾ ਹੈ:-

ਸੱਸੇ ਨੀ ਘਰ ਦਾ ਪਾਣੀ ਤੱਤਾ ਛੱਡ ਜਾਂਦਾ
ਜਾ ਬਗਾਨੇ ਨਾਉਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ ... ...
ਸੱਸੇ ਨੀ ਘਰ ਦੀ ਰੋਟੀ ਪੱਕੀ ਛੱਡ ਜਾਂਦਾ
ਜਾ ਬਗਾਨੇ ਖਾਂਦਾ ਨੀ
ਲੋਕਾਂ ਭਾਣੇ ਚਤਰ ਸੁਣੀਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ ... ...

ਜੂਏ ਵਿੱਚ ਤਾਂ ਕੁਝ ਵੀ ਬਚਦਾ ਨਹੀਂ: -

ਚੰਨ ਚਾਨਣੀ ਰਾਤ
ਡਿਓੜੀ ਪਰ ਡੇਰਾ ਲਾਲ ਲਾਇਆ
ਪਹਿਲੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦੀ ਕਲਗੀ ਹਾਰ ਆਇਆ
ਦੂਜੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦਾ ਚੀਰਾ ਹਾਰ ਆਇਆ
ਚੀਰਾ ਤਾਂ ਰੰਗਾਂ ਦਾ ਜਾਨੀ ਹੋਰ ਵੇ
ਕਲਗੀ ਪਰ ਮੇਰੀ ਪ੍ਰੀਤ ਲੱਗੀ}}

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 98