ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡਾ ਪੱਟਿਆ ਨਵਾਂ ਪਟਵਾਰੀ

ਜਿਸ ਤਰ੍ਹਾਂ ਕਿਸੇ ਪਹਾੜੀ ਦੀ ਕੁੱਖ ਵਿਚੋਂ ਆਪ ਮੁਹਾਰਾ ਹੀ ਚਸ਼ਮਾ ਵਗ ਟੁਰਦਾ ਹੈ ਉਸੇ ਤਰ੍ਹਾਂ ਹੀ ਲੋਕ-ਗੀਤ ਵੀ ਦਿਲ ਦੀ ਕਿਸੇ ਨੁਕਰੋਂ ਆਪ-ਮੁਹਾਰੋ ਵਹਿ ਟੁਰਦੇ ਹਨ। ਜ਼ੋਰੀਂ ਗੀਤ ਨਹੀਂ ਉਗਮਦੇ। ਇਹ ਤਾਂ ਅਲਬੇਲਾ ਨਾਚ ਨਚਦੀਆਂ ਤਰੰਗਾਂ ਹਨ।

ਸਰਕਾਰੀ ਪਾਤਰਾਂ ਬਾਰੇ ਮਿਲਦੇ ਲੋਕ-ਗੀਤ ਜ਼ੋਰੀਂ ਰਚੇ ਗੀਤ ਨਹੀਂ। ਇਹ ਤਾਂ ਕਿਸਾਨੀ ਜੀਵਨ ਤੇ ਸਰਕਾਰੀ ਪਾਤਰਾਂ ਵਲੋਂ ਪਏ ਅਸਰਾਂ ਦਾ ਪ੍ਰਤਿਬਿੰਬ ਹਨ। ਕਿਸਾਨ ਇਨ੍ਹਾਂ ਨੂੰ ਕਿਹੜੀ ਨਿਗਾਹ ਨਾਲ਼ ਵੇਖਦੇ ਹਨ, ਇਹਦਾ ਸਾਫ਼ ਝਲਕਾਰਾ ਗੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ।

ਹੇਠਾਂ ਵਖ ਵਖ ਸਰਕਾਰੀ ਪਾਤਰਾਂ ਬਾਰੇ ਕੁਝ ਗੀਤ ਦਿੱਤੇ ਜਾ ਰਹੇ ਹਨ।

ਪਟਵਾਰੀ

ਜ਼ਮੀਨ ਦੀ ਮਿਣ ਮਣਾਈ, ਖ਼ਰੀਦਣ ਵੇਚਣ ਆਦਿ ਦੇ ਕਾਰਨ ਕਿਸਾਨਾਂ ਦਾ ਪਟਵਾਰੀ ਨਾਲ਼ ਸਿੱਧਾ ਵਾਹ ਪੈਂਦਾ ਹੈ। ਕਿਸਾਨ ਅਨਪੜ੍ਹ ਹੋਣ ਦੇ ਨਾਤੇ ਉਸ ਨੂੰ ਚੰਗਾ ਪੜ੍ਹਿਆ ਲਿਖਿਆ ਅਫ਼ਸਰ ਸਮਝਦੇ ਹਨ ਅਤੇ ਸਦਾ ਉਸ ਦੀ ਚੰਗੀ ਆਓ ਭਗਤ ਕਰਦੇ ਰਹੇ ਹਨ। ਪਟਵਾਰੀ ਬਨਣਾ ਉਹ ਮਾਣ ਵਾਲੀ ਗਲ ਸਮਝਦੇ ਹਨ। ਤਦੇ ਤਾਂ ਇਕ ਭੈਣ ਪਰਮਾਤਮਾ ਪਾਸੋਂ ਪਟਵਾਰੀ ਵੀਰੇ ਦੀ ਮੰਗ ਕਰਦੀ ਹੈ: -

ਦੋ ਵੀਰ ਦੇਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ।

ਕਿਸਾਨ ਬਾਬਲ ਵੀ ਆਪਣੀ ਧੀ ਦਾ ਸਾਕ ਪਟਵਾਰੀ ਮੁੰਡੇ ਨਾਲ ਕਰ, ਆਪਣੇ ਵਲੋਂ ਚੰਗੀ ਕੀਤੀ ਚੋਣ ਸਮਝਦਾ ਹੈ: -

ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਬੱਚੀਏ।

ਪੱਚੀਆਂ ਪਿੰਡਾਂ ਦਾ ਪਟਵਾਰੀ ਵੀ ਅਗੋਂ ਏਸ ਬਾਬਲ ਦੀ ਧੀ ਨੂੰ ਗਹਿਣਿਆਂ ਨਾਲ ਮੜ੍ਹ ਦੇਂਦਾ ਹੈ: -

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 111