ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਮੈਂ ਵਾਰੀ ਗੁੱਗਾ ਜੀ
ਛੱਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਰਾਹਾਂ ਦਾ
ਜੀ ਮੈਂ ਵਾਰੀ ਗੁੱਗਾ ਜੀ

ਭਰਿਆ ਕਟੋਰਾ ਲੱਸੀ ਦਾ
ਮੇਰਾ ਗੁੱਗਾ ਮਾੜੀ ਵਿੱਚ ਦੱਸੀਦਾ
ਛੱਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿੱਚ ਖੇਲਦਾ
ਜੀ ਮੈਂ ਵਾਰੀ ਗੁੱਗਾ ਹੋ

ਖੁਆਜਾ ਪੀਰ -

ਜਲ ਦੀ ਮਾਨਤਾ ਪੁਰਾਣੇ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਸਾਡੇ ਵੱਡੇ ਵਡੇਰੇ ਜਲ ਦੀ ਪੂਜਾ ਕਰਦੇ ਹੀ ਰਹੇ ਹਨ। ਹੁਣ ਜਦ ਵੀ ਕੋਈ ਖੂਹ ਪੁਟਿਆ ਜਾਂਦਾ ਹੈ ਤਾਂ ਸਾਰੇ ਪਿੰਡ ਦੇ ਨਿਆਣੇ, ਆਦਮੀ ਤੇ ਤੀਵੀਆਂ ਖੁਆਜੇ ਪੀਰ ਦੇ ਸ਼ਗਨ ਮਹਿਲ ਉਸਰਨ ਤੇ ਚੱਕ (ਕੜਾ) ਸੁਟਣ ਤੋਂ ਪਹਿਲਾਂ ਕਰਦੇ ਹਨ। ਖੁਸ਼ੀਆਂ ਤੇ ਗੀਤ - ਜਿਹੜੇ ਵਿਆਹ ਵੇਲੇ ਗਾਏ ਜਾਂਦੇ ਹਨ - ਇਥੇ ਵੀ ਗਾਏ ਜਾਂਦੇ ਹਨ। ਖੁਆਜੇ ਦੇ ਗੀਤ ਅਜ ਕਲ ਘਟ ਹੀ ਮਿਲਦੇ ਹਨ।

ਧੋਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਮੈਂ ਅਰਜ ਕਰੋਨੀਆਂ
ਖੁਆਜੇ ਦੇ ਅੱਗੇ ਨੀ
ਸੁੱਕੀਆਂ ਬੇਲਾਂ ਨੂੰ
ਫਲ ਜੇ ਲੱਗੇ ਨੀ

ਮਾਤਾ ਰਾਣੀ -

ਚੀਚਕ ਨੂੰ ਹੀ ਆਮ ਲੋਕੀ 'ਮਾਤਾ' ਆਖਦੇ ਹਨ। ਤੇ ਮਾਤਾ ਨੂੰ ਇਕ ਦੇਵੀ ਸਮਝ ਕੇ ਪੂਜਿਆ ਜਾਂਦਾ ਹੈ। ਮੰਗਲਵਾਰ ਨੂੰ ਮਾਤਾ ਦੇ ਥਾਨਾਂ ਦੀ (ਜਿਹੜੇ ਤਿੰਨ ਚਾਰ ਇਟਾਂ ਖੜੀਆਂ ਕਰਕੇ ਬਣਾਏ ਹੋਏ ਹੁੰਦੇ ਹਨ) ਪੂਜਾ ਤੇਲ ਦੇ ਗੁਲਗੁਲੇ ਚੜ੍ਹਾ ਕੇ ਕੀਤੀ ਜਾਂਦੀ ਹੈ। ਮੁਰਗੀਆਂ ਤੇ ਬੱਕਰਿਆਂ ਦੀਆਂ ਭੇਟਾਂ ਵੀ ਕੀਤੀਆਂ ਜਾਂਦੀਆਂ ਹਨ। ਫਰਵਰੀ ਮਾਰਚ ਵਿੱਚ 'ਕੁਰਾਲੀ' ਵਿਖੇ ਮਾਤਾ ਰਾਣੀ ਦਾ ਇਕ ਬੜਾ ਭਾਰੀ ਮੇਲਾ ਲਗਦਾ ਹੈ। ਪੂਜਾ ਸਮੇਂ ਹੇਠ ਲਿਖੇ ਗੀਤ ਵੀ ਗਾਏ ਜਾਂਦੇ ਹਨ:-

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 122