ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਨ ਭਗਤ ਤੇ ਉਸ ਦੀ ਮਤਰੇਈ ਮਾਂ ਦਾ ਵਾਰਤਾਲਾਪ ਲੋਕ ਸੱਥਾਂ ਵਿੱਚ ਕਾਫ਼ੀ ਗਾਇਆ ਜਾਂਦਾ ਹੈ:-

ਵੇ ਮੈਂ ਬਾਗ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਚ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਮੈਂ ਖੂਹਾ ਲਵਾਵਾਂ ਪੂਰਨਾਂ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾਂ ਵੇ

ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਨਾ ਤੂੰ ਮੇਰੇ ਜਰਮਿਆ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾਂ ਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 124