ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਗੀਤ ਵਿੱਚ ਗਾਂਧੀ ਜੀ ਨੂੰ ਸੂਰਜ ਨਾਲ ਤੁਲਨਾ ਦਿੱਤੀ ਗਈ ਹੈ। ਸੱਚਮੁੱਚ ਗਾਂਧੀ ਜੀ ਇਕ ਸੂਰਜ ਹੀ ਸਨ ਜਿਨ੍ਹਾਂ ਸੰਸਾਰ ਨੂੰ ਅਮਨ ਸ਼ਾਂਤੀ ਅਤੇ ਅਹਿੰਸਾ ਦਾ ਚਾਨਣ ਬਖਸ਼ਿਆ। ਗੀਤ ਦੇ ਬੋਲ ਹਨ:

ਸਾਡੇ ਵਿਹੜੇ ਸੂਰਜ ਚੜ੍ਹਿਆ
ਸੂਰਜ ਵੇਖਣ ਆਓ ਗਾਂਧੀ
ਤੂੰ ਵੀ ਤਾਂ ਇਕ ਸੂਰਜ ਏਂ
ਸੂਰਜ ਵੇਖਣ ਆਓ ਗਾਂਧੀ।
ਕੀਕਣ ਆਵਾਂ ਭੋਲੀਏ, ਨੀ ਭੋਲੀਏ
ਮੈਨੂੰ ਕੰਮ ਹਜ਼ਾਰ
ਮੇਰੇ ਚਰਖੇ ਵਿਚੋਂ ਨਿਕਲਿਆ
ਇਕ ਲੰਮ ਸਲੰਮਾ ਤਾਰ
ਅੰਗਰੇਜ਼ ਕਹੇ ਮੈਂ ਜਾ ਰਿਹਾ
ਮੈਂ ਜਾ ਰਿਹਾ
ਗਾਂਧੀ ਆਖੇ ਬੇਲੀਆ
ਤੂੰ ਛੇਤੀ ਛੇਤੀ ਜਾ
ਅੰਗਰੇਜ਼ ਕਹੇ ਮੇਰੇ ਕੰਡਾ ਚੁੱਭਾ
ਕੰਡਾ ਚੁੱਭਾ
ਗਾਂਧੀ ਆਖੇ ਬੇਲੀਆ
ਦਸ ਕਿੱਥੇ ਚੁੱਭਾ
ਗਾਂਧੀ ਕੰਡਾ ਖਿੱਚ ਲਿਆ
ਅੰਗਰੇਜ਼ ਪੈ ਗਿਆ ਲੰਬੜੇ ਰਾਹ।

ਅੰਤ ਪੰਜਾਬ ਦੀ ਲੋਕ-ਆਤਮਾ ਗਾਂਧੀ ਜੀ ਦੀ ਜੈ ਬੁਲਾਂਦੀ ਹੈ:

ਚਿੱਟੀ ਚੁਆਨੀ ਚਾਂਦੀ ਦੀ
ਜੈ ਬੋਲੋ ਮਹਾਤਮਾ ਗਾਂਧੀ ਦੀ।

ਇੰਜ ਪੰਜਾਬ ਦੀ ਲੋਕ ਆਤਮਾ ਆਪਣੇ ਦੇਸ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਕਰਦੀ ਹੈ ਤੇ ਭਾਰਤ ਦੇ ਅਨੇਕਾਂ ਪ੍ਰਾਂਤਾਂ ਦੇ ਲੋਕਾਂ ਨਾਲ਼, ਬਿਨਾ ਕਿਸੇ ਵਿਤਕਰੇ ਦੇ, ਆਪਣੀ ਸੁਰ ਜੋੜਦੀ ਹੈ ਤੇ ਭਾਰਤ ਦੀ ਸਾਂਝੀ ਸੰਸਕ੍ਰਿਤੀ ਵਿੱਚ ਆਪਣੇ ਆਪ ਨੂੰ ਸਮੋ ਲੈਂਦੀ ਹੈ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 131