ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਂਝੀ ਦੇ ਗੀਤ

ਸਾਂਝੀ ਮਾਈ ਜਾਂ ਸਾਂਝੀ ਦੇਵੀ ਕੁੜੀਆਂ ਦਾ ਦੁਸਹਿਰੇ ਦੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ 'ਸਾਂਝੀ ਮਾਈ' ਇੱਕ ਕੁਆਰੀ ਦੇਵੀ ਹੈ। ਇਸ ਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਹਨਾਂ ਨੂੰ ਸੁਸ਼ੀਲ ਤੇ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁਖਦੀਆਂ ਹਨ-ਕੋਈ ਵੀਰ ਮੰਗਦੀ ਹੈ ਕੋਈ ਭਾਬੋ ਤੇ ਕੋਈ ਭਤੀਜਾ।

ਪਹਿਲੇ ਨfਰਾਤੇ ਤੋਂ ਇੱਕ ਦੋ ਦਿਨ ਪਹਿਲਾਂ ਗਲੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਕੱਠੀਆਂ ਹੋ ਕੇ ਚੀਕਣੀ ਮਿੱਟੀ ਦੇ, ਸੈਂਕੜਿਆਂ ਦੀ ਗਿਣਤੀ ਵਿੱਚ ਚੰਦਊਏ ਜਾਂ ਤਾਰੇ ਬਣਾ ਕੇ ਧੁੱਪ ਵਿੱਚ ਸੁਕਾ ਲੈਂਦੀਆਂ ਹਨ। ਫੇਰ ਇਹਨਾਂ ਨੂੰ ਵੱਖੋ-ਵੱਖਰੇ ਰੰਗਾਂ ਨਾਲ਼ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ-ਕੁੜੀਆਂ ਸਾਂਝੀ ਮਾਈ ਲਈ ਗਹਿਣੇ, ਨੱਥ ਮੱਛਲੀ, ਚੂੜਾ, ਸੱਗੀ ਫੁੱਲ, ਬਾਂਕਾਂ ਤੇ ਚੌਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ, ਚੱਕਲਾ ਬੇਲਣਾ, ਤਵਾ, ਪਰਾਤ ਵੀ ਬਣਾਏ ਜਾਂਦੇ ਹਨ। ਕੋਈ ਜਣੀ ਚੰਦ ਸੂਰਜ ਤੇ ਤਾਰੇ ਆਦਿ ਬਣਾਉਂਦੀ ਹੈ, ਕੋਈ ਮੋਹਨ ਦੀ ਆਕ੍ਰਿਤੀ, ਕੋਈ ਬਾਹਮਣੀ ਦੀ ਮੂਰਤ ਬਣਾ ਲੈਂਦੀ ਹੈ, ਕੋਈ ਹੁੱਕਾ ਪੀਂਦੇ ਮਰਾਸੀ ਦੀ। ਇਹ ਮੂਰਤੀਆਂ ਬੜੀ ਰੀਝ ਨਾਲ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪੇਂਡੂ ਕੁੜੀਆਂ ਦੀ ਲੋਕ ਕਲਾ ਰੂਪਮਾਨ ਹੋ ਉਠਦੀ ਹੈ।

ਪਹਿਲੇ ਨਰਾਤੇ ਨੂੰ ਸਵੇਰੇ ਸਵੇਰੇ ਕੁੜੀਆਂ ਨਹਾ ਧੋ ਕੇ ਗੋਹੇ ਨਾਲ ਲਿੱਪੀ ਕੰਧ ਉਤੇ ਗੋਹੇ ਨਾਲ ਸਾਂਝੀ ਮਾਈ ਦੀ ਮੂਰਤੀ ਚਿਪਕਾਉਂਦੀਆਂ ਹਨ। ਮੂਰਤੀਆਂ ਨੂੰ ਸਜਾਉਣ ਵਿੱਚ ਕੁੜੀਆਂ ਆਪਣੀ ਲੋਕ ਪ੍ਰਤਿਭਾ ਦਾ ਚਮਤਕਾਰ ਵਖਾਉਂਦੀਆਂ ਹਨ। ਇਹ ਮੂਰਤੀ ਬੜੀ ਖ਼ੂਬਸੂਰਤ ਹੁੰਦੀ ਹੈ। ਇਸ ਨੂੰ ਮਿੱਟੀ ਦੇ ਗਹਿਣਿਆਂ ਨਾਲ਼ ਸ਼ਿੰਗਾਰਿਆ ਜਾਂਦਾ ਹੈ। ਇਸ ਮੂਰਤੀ ਦੇ ਪਛੋਕੜ ਵਿੱਚ ਚੜ੍ਹ ਰਹੇ ਚੰਦ ਅਤੇ ਛਿਪ ਰਹੇ ਸੂਰਜ ਨੂੰ ਵੀ ਮੂਰਤੀ ਮਾਨ ਕੀਤਾ ਜਾਂਦਾ ਹੈ। ਕੁੜੀਆਂ ਆਪਣੇ ਆਪਣੇ ਘਰਾਂ ਵਿੱਚ ਸਾਂਝੀ ਮਾਈ ਦੀ ਮੂਰਤੀ ਆਪਣੀ ਪ੍ਰਤਿਭਾ ਅਨੁਸਾਰ ਬਣਾਉਂਦੀਆਂ ਹਨ। ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਸਾਂਝੀ ਦੂਜੀ ਕੁੜੀ ਦੀ ਸਾਂਝੀ ਨਾਲੋਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 140