ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੋਹਣੀ ਹੋਵੇ। ਇਹ ਜ਼ਰੂਰੀ ਨਹੀਂ ਕਿ ਸਾਂਝੀ ਇੱਕੋ ਪਰਕਾਰ ਦੀ ਹੋਵੇ ਕੁੜੀਆਂ ਆਪਣੀ ਆਪਣੀ ਸੂਝ ਅਤੇ ਕਲਪਨਾਂ ਅਨੁਸਾਰ ਇਸ ਦੀ ਮੂਰਤੀ ਬਣਾਉਂਦੀਆਂ ਹਨ। ਸਾਂਝੀ ਮਾਈ ਦੀਆਂ ਮੂਰਤੀਆਂ ਪੇਂਡੂ ਲੋਕ ਕਲਾ ਦਾ ਇੱਕ ਦਿਲਚਸਪ ਨਮੂਨਾ ਹੁੰਦੀਆਂ ਹਨ।

ਸਾਂਝੀ ਮਾਈ ਦੀ ਮੂਰਤੀ ਬਣਾਉਣ ਮਗਰੋਂ ਘਰਾਂ ਦੀਆਂ ਸੁਆਣੀਆਂ ਸਾਂਝੀ ਮਾਈ ਦਾ ਪ੍ਰਸ਼ਾਦ ਬਣਾਉਂਦੀਆਂ ਹਨ। ਇਹ ਪ੍ਰਸ਼ਾਦ ਆਮ ਤੌਰ ਤੇ ਆਟੇ ਨੂੰ ਭੁੰਨ ਕੇ ਵਿੱਚ ਗੁੜ ਸ਼ੱਕਰ ਰਲਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸੁੱਕੀ ਪੰਜੀਰੀ ਆਖਦੇ ਹਨ। ਕਈ ਪੰਜੀਰੀ ਦੀ ਥਾਂ ਗੁੜ ਸ਼ੱਕਰ ਹੀ ਵੰਡ ਕੇ ਕੰਮ ਸਾਰ ਲੈਂਦੀਆਂ ਹਨ। ਸਰਦੇ ਪੁਜਦੇ ਘਰਾਂ 'ਚ ਘਿਓ ਵਾਲੀ ਵਧੀਆ ਪੰਜੀਰੀ ਤਿਆਰ ਕੀਤੀ ਜਾਂਦੀ ਹੈ।

ਸਾਂਝੀ ਮਾਈ ਦੀ ਪੂਜਾ ਬੜੇ ਦਿਲ ਖਿਚਵੇਂ ਢੰਗ ਨਾਲ਼ ਕੀਤੀ ਜਾਂਦੀ ਹੈ। ਘਰ ਘਰ ਸਾਂਝੀ ਮਾਈ ਲੱਗੀ ਹੁੰਦੀ ਹੈ! ਕੁੜੀਆਂ ਤੇ ਛੋਟੇ ਬੱਚੇ ਕੱਠੇ ਹੋ ਕੇ ਹਰ ਘਰ ਜਾਂਦੇ ਹਨ ਤੇ ਸਾਂਝੀ ਦੇ ਗੀਤ ਗਾਉਂਦੇ ਹੋਏ ਸਾਂਝੀ ਦੀ ਪੂਜਾ ਕਰਦੇ ਹਨ।

ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਓ ਦਾ ਚਮੁੱਖੀਆ ਦੀਵਾ ਬਾਲ ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:

ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ

ਫੇਰ ਅਗਲਾ ਗੀਤ ਸ਼ੁਰੂ ਹੁੰਦਾ ਹੈ: -

ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ।

ਇਸ ਮਗਰੋਂ ਉਹ ਸਾਂਝੀ ਨੂੰ ਖੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:

ਸਾਂਝੀ ਕੁੜੀਓ ਪਹਾੜ ਵਸਦੀ
ਰਾਜੇ ਰਾਮ ਦੀ ਪੋਤੀ
ਲੈਣ ਕਿਉਂ ਨੀ ਜਾਂਦਾ
ਭਾਈ ਮੋਧਨਾ ਵੇ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 141