ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਜੀਵੇ ਮੱਝੀਂ ਗਾਈਂ
ਮੱਝੀਂ ਗਾਈਂ ਨੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸੇਰ ਸ਼ਕਰ ਪਾਈ
ਡੋਲੀ ਛਮ ਛਮ ਕਰਦੀ ਆਈ

ਜਿਸ ਘਰ ਬਾਲ ਨਹੀਂ ਹੁੰਦੇ ਉਹਨਾਂ ਦੇ ਦਰ ਅਗੇ ਜਾ ਕੇ ਬੱਚੇ ਲੋਹੜੀ ਮੰਗਦੇ ਹੋਏ ਪ੍ਰਾਰਥਨਾ ਕਰਦੇ ਹਨ :

ਕੋਠੇ ਹੇਠ ਡੱਕਾ
ਥੋਨੂੰ ਰਾਮ ਦਊਂਗਾ ਬੱਚਾ
ਸਾਡੀ ਲੋਹੜੀ ਮਨਾ ਦੋ

ਕੋਠੇ ਹੇਠ ਚਾਕੂ
ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੋ

ਕਲਪਨਾ ਵਿੱਚ ਹੀ ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਨਿੱਕੇ ਕਾਕੇ ਦਾ ਵਿਆਹ ਵੀ ਰਚਾ ਦਿੰਦੀਆਂ ਹਨ। ਅਗੋਂ ਮੁੰਡੇ ਦੀ ਮਾਂ ਦਿਲ ਖੋਹਲ ਕੇ ਰਿਉੜੀਆਂ, ਦਾਣੇ ਤੇ ਸ਼ੱਕਰ ਦਿੰਦੀ ਹੈ :

ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋਹੜਾ
ਅਸੀਂ ਲੈਣਾ ਗੁੜ ਦਾ ਰੋੜਾ।

ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾਹ
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 154