ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ
ਪੀਊ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ

(ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਘਰ ਵਸਦੀ ਪਈ ਸੀ। ਸੱਥ ਵਿੱਚ ਰੁਲਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ।

ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖੂਨ ਉਬਾਲੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ....।ਸਾਹਿਬ ਉਹਦੀ ਬਹਾਦਰੀ 'ਤੇ ਅਸ਼ ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।

ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ ’ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ ’ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।

ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ `ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀ ਦੁੱਖ ਵੰਡ ਵੀਰਨਾ

(ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉਪਰੋਂ ਉਪਰੋਂ ਸੁੱਚੇ ਦੁਆਲੇ ਅਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 164