ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸ ਘੋਲ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ 'ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਆਖਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਫਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਫਲ ਨਾਲ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫੜਾ ਦਫੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੁਰਮਾ ਹਰਖ ਕੇ
ਮੋਢੇ ਨਾਲ ਲਾਵੇ ਚੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿਚ ਉੜਾਤੀ ਗਰਦ ਐ
ਆਖਰ ਸ਼ਰਮ ਜੀਹਦੇ ਜਾਣੋ ਮਰਦ ਐ

ਘੁੱਕਰ ਮੱਲ ਨੂੰ ਗੋਲੀਆਂ ਨਾਲ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ ਲਿਆ ਕੇ ਉਹ ਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿਚ 'ਸੁੱਚਾ' ‘ਸੁੱਚਾ' ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ ਜਾ ਰਲਿਆ। ਡਾਕ ਦੇ ਰੂਪ ਵਿੱਚ ਉਹਦੀ ਥਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੱਚੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/165