ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲਾ ਸੀ, ਸੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜ੍ਹੀ ਵੱਢਦੇ ਗੱਜਣ ਨੂੰ ਗੋਲੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ।

ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਨੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।

ਲਾਲਚ ਮਿੱਤਰਾਂ ਨੂੰ ਵੀ ਡੁਲਾ ਦਿੰਦਾ ਹੈ। ਆਖਰ ਇਕ ਦਿਨ ਲਾਲਚ-ਵਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।

ਮੁਕੱਦਮਾ ਚੱਲਿਆ। ਪਟਿਆਲੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੈਆਂ ਸਲਾਮਾਂ ਕਰਦੇ ਹਨ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/166