ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਂਝਾ ਫੁੱਲ ਗੁਲਾਬ ਦਾ

ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੱੜਕੀਂ ਮੁਟਿਆਰੇ।

ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਧੀਦੋ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ ਗੁੱਸੇ ਹੋ ਝੰਗ ਸਿਆਲੀਂ ਆ ਪੁੱਜਾ। ਏਥੋਂ ਦੇ ਚੌਧਰੀ ਚੂਚਕ ਦੀ ਅਲਬੇਲੀ ਧੀ ਹੀਰ ਨਾਲ ਧੀਦੋ ਰਾਂਝੇ ਦਾ ਪਿਆਰ ਪੈ ਗਿਆ। ਕਹਿੰਦੇ ਹਨ ਰਾਂਝਾ ਪੂਰੇ ਬਾਰਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਰਾਂਦਾ ਰਿਹਾ। ਪਰੰਤੁ ਹੀਰ ਦੇ ਮਾਪਿਆਂ ਨੇ ਇਨ੍ਹਾਂ ਦੇ ਪਿਆਰ ਨੂੰ ਪਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ ਜ਼ੋਰੀਂ ਕਰ ਦਿੱਤਾ। ਹੀਰ ਵਿਲਕਦੀ ਰਹੀ, ਉਸ ਦੀ ਕਿਸੇ ਇਕ ਨਾ ਮੰਨੀ। ਰਾਂਝੇ ਨੇ ਮੱਝੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁੱਜ ਗਿਆ। ਹੀਰ ਨਣਦ ਸਹਿਤੀ ਦੁਆਰਾ ਰਾਂਝੇ ਦਾ ਮੇਲ ਹੀਰ ਨਾਲ ਹੋਇਆ। ਹੀਰ ਲੜੇ ਸੱਪ ਦਾ ਬਹਾਨਾ ਬਣਾ ਕੇ ਰਾਂਝੇ ਜੋਗੀ ਪਾਸ ਪੁੱਜੀ ਰਾਤ ਸਮੇਂ ਦੋਨੋਂ ਨੱਸ ਟੁਰੇ। ਖੇੜਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਅੰਤ ਦੋਨੋ ਨਾਹੜਾਂ ਦੇ ਇਲਾਕੇ ਵਿੱਚ ਫੜੇ ਗਏ। ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ। ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ। ਕਹਿੰਦੇ ਨੇ ਉਸੇ ਵੇਲੇ ਕੋਟਕਬੂਲੇ ਨੂੰ ਅੱਗ ਲੱਗ ਗਈ। ਲੋਕਾਂ ਸਮਝਿਆ ਕਿ ਇਹ ਹੀਰ ਰਾਂਝੇ ਦੀ ਬਦਅਸੀਸ ਦਾ ਫਲ ਹੈ। ਸੋ ਉਸੇ ਵੇਲੇ ਹਾਕਮ ਨੂੰ ਆਪਣਾ ਫੈਸਲਾ ਬਦਲਨਾ ਪਿਆ। ਇਸ ਪ੍ਰਕਾਰ ਹੀਰ ਮੁੜ ਰਾਂਝੇ ਨੂੰ ਮਿਲ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ। ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀ ਲੈ ਆਇਆ ਤਾਂ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਤੋਰਨ। ਰਾਂਝਾ ਜੰਝ ਲੈਣ ਚਲਿਆ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋਂ ਦੇ ਆਖੇ ਲਗ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 167