ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਰਾਂਝਾ ਜੰਝ ਲੈ ਆਇਆ-ਅੱਗੋਂ ਹੀਰ ਦੀ ਮੌਤ ਸੁਣ ਕੇ ਰਾਂਝੇ ਨੇ ਵੀ ਹੀਰ ਦੀ ਕਬਰ ਤੇ ਟੱਕਰਾਂ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ।

ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੇ ਪੰਜਾਬੀਆਂ ਦੇ ਦਿਲਾਂ ਤੇ ਇਕ ਅਮਿੱਟ ਛਾਪ ਲਾ ਦਿੱਤੀ ਹੈ। ਪੰਜਾਬ ਦੇ ਰੋਮ ਰੋਮ ਵਿੱਚ ਇਹ ਕਹਾਣੀ ਰਚੀ ਪਈ ਹੈ।

ਪੰਜਾਬ ਦੀ ਗੋਰੀ ਨੇ ਇਸ ਕਥਾ ਨੂੰ ਆਪਣੇ ਗੀਤਾਂ ਵਿੱਚ ਬੜੇ ਪਿਆਰੇ ਅੰਦਾਜ਼ ਨਾਲ ਗਾਇਆ ਹੈ।

ਗੋਰੀ ਆਪਣੇ ਆਪ ਨੂੰ ਹੀਰ ਅਤੇ ਆਪਣੇ ਗੱਭਰੂ ਨੂੰ ਰਾਂਝੇ ਦੇ ਸਮਾਨ ਸਮਝਦੀ ਹੈ:-

ਕੁੜੀਏ ਨੀ ਧਨੀਆ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ

ਆਪਣੇ ਰਾਂਝੇ ਨੂੰ ਉਹ ਗੁਲਾਬ ਦੇ ਫੁੱਲ ਨਾਲ ਤੁਲਨਾ ਦੇਂਦੀ ਹੈ:-

ਵਗਦੀ ਰਾਵੀ ਵਿੱਚ, ਦੁੱਬ ਕੇ ਜਵਾਰ ਦਾ
ਮੈਂ ਅੰਗ੍ਰੇਜਣ ਬੂਟੀ
ਰਾਂਝਾ ਫੁੱਲ ਵੇ ਗੁਲਾਬ ਦਾ

ਗੋਰੀ ਆਪਣੇ ਰਾਂਝੇ ਨਾਲ ਮੁਹੱਬਤ ਦੀ ਖੇਤੀ ਸਾਂਝੀ ਬੀਜਦੀ ਹੈ ਜਿੱਥੇ ਲੌਂਗ ਸੁਪਾਰੀ ਲੱਗਦੇ ਹਨ:-

ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿੱਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸੱਜਨਾ ਨੇ ਪਾਇਆ
ਲੱਗੇ ਲੌਂਗ ਸੁਪਾਰੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/168