ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਰਾਂਝਾ ਹੀਰ ਬਿਨਾਂ ਇਕ ਪਲ ਵੀ ਸਹਾਰ ਨਹੀਂ ਸਕਦਾ! ਗੋਰੀ ਰਾਂਝੇ ਦੇ ਜੋਗੀ ਬਣਨ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ:-



ਸਾਂਵਲਿਆ ਤੇ ਸੌਲਿਆ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲਿਆ
ਪਾ ਰਾਂਝਣ ਵਾਲੀ ਫੇਰੀ।
ਪਾ ਜੋਗੀ ਵਾਲੀ ਫੇਰੀ ਚੀਰੇ ਵਾਲਿਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ
ਖਟੜੇ ਲਗੜੇ ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋਂ ਸਹੀਓ ਰਲ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀ ਜੋ ਇੱਟਾਂ ਢੋਵੇ
ਰਾਂਝਣ ਢੋਂਦਾ ਗਾਰਾ
ਚਲੋਂ ਸਹੀਓ ਰਲ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾ ਕੇ ਮੁੰਦਰਾਂ ਪਾਈਆਂ
ਮੱਥੇ ਤਿਲਕ ਲਗਾਇਆ
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ

ਜੋਗੀ ਬਣਿਆਂ ਰਾਂਝਾ ਰੰਗਪੁਰ ਖੇੜੇ ਪੁੱਜ ਜਾਂਦਾ ਹੈ ਤੇ ਸੈਦੇ ਦੇ ਦਰ ਅੱਗੇ ਜਾ ਅਲਖ ਜਗਾਉਂਦਾ ਹੈ:



ਉਰਲੇ ਤਾਂ ਵਿਹੜੇ ਜੋਗੀ ਆ ਬੜਿਆ।
ਉਥੇ ਕੁੜੀਆਂ ਦਾ ਤ੍ਰਿੰਜਣ ਗੂੰਜਦਾ ਸੀ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 175