ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਡਿਗ ਪਈ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਪੈਣ ਦੇ
ਪਿੰਡ ਚਲਕੇ ਸਮਾਜੂੰ ਚਾਲੀ
ਲਹਿੰਗੇ ਤੇਰੇ ਨੂੰ -
ਲੌਣ ਲਵਾਊਂ ਕਾਲੀ।

ਪੰਜਾਬੀਆਂ ਦਾ ਮੁੱਖ ਧੰਦਾ ਖੇਤੀਬਾੜੀ ਰਿਹਾ ਹੈ। ਤੜਕਸਾਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁਧ ਰਿੜਕਣ ਲਗ ਜਾਂਦੀ, ਮਰਦ ਤਾਰਿਆਂ ਦੀ ਛਾਵੇਂ ਹਲ ਜੋੜਕੇ ਤੁਰ ਜਾਂਦੇ, ਕਿਧਰੇ ਹਲਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇਕ ਅਨੂਠਾ ਰਾਗ ਉਤਪੰਨ ਹੋ ਜਾਂਦਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ ਟਕ ਨਾਲ ਤਾਲ ਦੇਦੇ ਹਾਲੀ ਅਤੇ ਨਾਕੀ ਵਜਦ ਵਿੱਚ ਆਕੇ ਦੋਹੇ ਤੇ ਕਲੀਆਂ ਲਾਉਣ ਲਗ ਜਾਂਦੇ। ਸ਼ਾਂਤ ਵਾਤਾਵਰਣ ਵਿੱਚ ਦੀਆਂ ਕੂਹਲਾਂ ਵਹਿ ਟੁਰਦੀਆਂ:

ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇਕ

ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ

ਕਿਸੇ ਨੇ ਕੰਨਾਂ ਤੇ ਹੱਥ ਰਖਕੇ ਲੰਬੀ ਹੇਕ ਵਿੱਚ ਕਲੀ ਲਾਉਣੀ:

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 14