ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਰੀ ਦਾ ਪੰਨੂੰ

 ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਊਂ ਜੌਂ ਭੁੰਨਣ ਭੱਠਿਆਰੇ
ਸੂਰਜ ਭੱਜ ਵੜਿਆ ਵਿੱਚ ਬਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਜੱਸੀ ਦਾ
ਸਿਦਕੋ ਮੂਲ ਨਾ ਹਾਰੇ।

ਸੱਸੀ ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸੱਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਿਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨ ਕੇ ਆਖਰ ਇਕ ਧੀ ਨੇ ਉਹਦੇ ਘਰ ਜਨਮ ਲਿਆ। ਧੀ ਦਾ ਨਾਂ ਉਨ੍ਹਾਂ ਸੱਸੀ ਰੱਖਿਆ। ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ! ਉਨ੍ਹਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇਕ ਮਨਚਲੇ ਨੌਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ੍ਹ ਦਿੱਤਾ!

ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੂਕ ਉਹਦੀ ਨਿਗਾਹ ਪਿਆ। ਸੰਦੂਕ ਉਹਨੇ ਫੜ ਲਿਆ। ਕੀ ਵੇਖਦੇ ਹਨ = ਇਕ ਪਿਆਰਾ ਬੱਚਾ ਵਿੱਚ ਪਿਆ ਅਗੂਠਾ ਚੁੰਘ ਰਿਹਾ ਹੈ! ਧੋਬੀ ਦੇ ਕੋਈ ਔਲਾਦ ਨਹੀਂ ਸੀ! ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਬਣ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 185