ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਬੇਟੀ ਹੈ।

ਸੱਸੀ ਧੋਬੀਆਂ ਦੇ ਘਰ ਜਵਾਨ ਹੋ ਗਈ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲੱਗ ਪਈ। ਰਾਜੇ ਦੇ ਕੰਨੀ ਵੀ ਏਸ ਦੀ ਭਣਿਕ ਪੈ ਗਈ। ਉਹਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਸੱਸੀ ਨੂੰ ਆਪੂੰ ਜਾਣ ਦੀ ਥਾਂ ਆਪਣੇ ਗਲ ਦਾ ਤਵੀਤ ਘੱਲ ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ ਖਾਨ ਆਪ ਚਲ ਕੇ ਧੋਬੀਆਂ ਦੇ ਘਰ ਆਇਆ ਪਰ ਸੱਸੀ ਮਹਿਲੀਂ ਜਾਣ ਲਈ ਤਿਆਰ ਨਾ ਹੋਈ।

ਭੰਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਬੜਾ ਸ਼ਾਨਦਾਰ ਮਹਿਲ ਪਵਾਇਆ ਹੋਇਆ ਸੀ। ਉਸ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸਾਂ ਦੇ ਸ਼ਾਹਿਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰਾ ਸ਼ਹਿਰ ਉਨ੍ਹਾਂ ਨੂੰ ਵੇਖ ਰਿਹਾ ਸੀ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉਥੇ ਪੁੱਜੀ। ਪਰ ਉਹ ਇਕ ਪਿਆਰਾ ਮੁਖੜਾ ਵੇਖ ਆਪਣਾ ਦਿਲ ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਿਕਰਾਨ ਦੇ ਸ਼ਾਹਜ਼ਾਦੇ ਪੁੰਨੂੰ ਦੀ ਸੀ।

ਮਕਰਾਨ ਦੇ ਸੌਦਾਗਰ ਭੰਬੋਰ ਆਮ ਵਪਾਰ ਲਈ ਆਇਆ ਕਰਦੇ ਸਨ। ਉਹ ਪੁੰਨੂੰ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪਾਉਂਦੇ। ਪੁੰਨੂੰ ਸੱਸੀ ਨੂੰ ਬਿਨਾਂ ਵੇਖੇ ਉਸ ਤੇ ਮੋਹਤ ਹੋ ਗਿਆ ਤੇ ਇਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿੱਚ ਉਨ੍ਹਾਂ ਦਾ ਪਿਆਰ ਮਹਿਕਾਂ ਵੰਡਦਾ ਰਿਹਾ।

ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਲੱਭਦੇ ਭੰਬੋਰ ਜਾ ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤ ਸਮੇਂ ਉਨ੍ਹਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਉੱਠ ਤੇ ਲੱਦ ਲਿਆ ਤੇ ਰਾਤੋ ਰਾਤ ਆਪਣੇ ਸ਼ਹਿਰ ਕੀਚ ਨੂੰ ਚਾਲੇ ਪਾ ਲਏ।

ਸੱਸੀ ਦੀ ਸਵੇਰੇ ਜਾਗ ਖੁਲ੍ਹੀ। ਵੇਖਿਆ ਉਹਦਾ ਪੁੰਨੂੰ ਓਥੇ ਹੈ ਨਹੀਂ ਸੀ। ਉਹ ਮਗਰੋਂ ਡਾਚੀ ਦਾ ਖੁਰਾ ਫੜਦੀ ਨੱਸ ਤੁਰੀ ਤੇ ਸਹਿਰਾ ਦੇ ਤਪਦੇ ਰੇਤ ਵਿਚ ਪੁੰਨੂੰ ਪੁੰਨੂੰ ਕੂਕਦੀ ਮਰ ਗਈ।

ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ। ਉਹਨੇ ਡਾਚੀ ਉਪਰੋਂ ਛਾਲ ਮਾਰ ਦਿੱਤੀ ਤੇ ਓਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ਼ ਹੀ ਪਰਾਣ ਤਿਆਗ ਦਿੱਤੇ।

ਪੰਜਾਬ ਦੀ ਗੋਰੀ ਦੇ ਮਨ ਉੱਤੇ ਇਸ ਦਰਦਾਂ ਭਰੀ ਕਹਾਣੀ ਦਾ ਬੜਾ ਪਰਭਾਵ ਪਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ ਜਾਣ ਦੇ ਵਿਰਤਾਂਤ ਨੂੰ ਬੜੇ ਦਿਲ ਵਿੰਨ੍ਹਵੇਂ ਸ਼ਬਦਾਂ ਵਿੱਚ ਉਲੀਕਿਆ ਹੈ।

ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ ਯਾਦ ਆ ਜਾਂਦੀ ਹੈ: -

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 186