ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



 ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ
ਚਰਖਾ ਕਿਵੇਂ ਕੁੱਤਾਂ
ਮੇਰਾ ਮਨ ਪੰਨੂੰ ਵਲ ਧਾਵੇ।

ਤ੍ਰਿੰਜਣ ਕੱਤਦੀਆਂ ’ਚ ਕੋਈ ਜਣੀ ਸੱਸੀ ਪੁੰਨੂੰ ਦਾ ਗੀਤ ਛੂਹ ਬਹਿੰਦੀ ਹੈ:-

 ਉੱਚੀਆਂ ਲੰਬੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੂਟੇਦੇ ਦੋ ਜਣੇ
ਆਸ਼ਕ ਤੇ ਮਾਸ਼ੂਕ ਵੇ ਮਾਹੀਆ
ਪੀਂਘ ਝੁਟੈਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁਖ ਤੇ ਪਾਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੋਂ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ

ਗੀਤ ਸੁਣ ਕੇ ਕਿਸੇ ਨਾਜੋ ਨੂੰ ਆਪਣੇ ਪੁੰਨੂੰ ਦਾ ਖ਼ਿਆਲ ਆ ਜਾਂਦਾ ਹੈ। ਮਤੇ ਉਹ ਵੀ ਉਸ ਨੂੰ ਛੱਡ ਕੇ ਕਿਧਰੇ ਤੁਰ ਜਾਵੇ। ਉਹ ਆਪਣੇ ਦਿਲ ਦੇ ਮਹਿਰਮ ਅੱਗੇ ਅਰਜੋਈ ਕਰਦੀ ਹੈ:-

 ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 187