ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੀਤ ਦਾ ਨਾਇਕ-ਮਿਰਜ਼ਾ

ਸੌ ਸੌ ਕੋਹ ਤੋਂ ਚੜ੍ਹੀ ਲੁਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅਜ ਵਧਕੇ ਬੋਲੀ ਪਾਵੇ।

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ, ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਸੁੰਨਾ ਹੋ ਗਿਆ। ਸਿਆਣੀਆਂ ਤ੍ਰੀਮਤਾਂ ਉਸ ਨੂੰ ਸੈਆਂ ਦਿਲਬਰੀਆਂ ਦਿੰਦੀਆਂ, ਢਾਰਸਾਂ ਬਨਾਉਂਦੀਆਂ:

ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖਾਨ ਬਾਲ ਮਿਰਜ਼ੇ ਨੂੰ ਆਪਣੇ ਪਿੰਡ ਖੀਵੇ ਲੈ ਆਇਆ। ਉਹ ਝੰਗ ਸਿਆਲ ਦਾ ਚੌਧਰੀ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।

ਕੁਝ ਵਰ੍ਹੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਉਹਨੇ ਦੂਜਾ ਵਿਆਹ ਕਰਵਾ ਲਿਆ ਹੋਇਆ ਸੀ। ਪਹਿਲੀ ਤੀਵੀਂ ਚੋਂ ਉਹਦੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇੱਕਮਿੱਕ ਹੋ ਗਏ। ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇੱਕ ਪਲ ਲਈ ਵੀ ਇੱਕ ਦੂਜੇ ਤੋਂ ਜੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ, ਸਾਹਿਬਾਂ ਮੁਟਿਆਰ ਹੋਣ ਲੱਗੀ। ਮਿਰਜ਼ਾ ਜਵਾਨ ਹੋਣ ਲੱਗਾ।

ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 193