ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੰਸਾ ਵੀਰ ਦਾ ਗੀਤ

ਪੰਜਾਬੀ ਸਮਾਜ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਵਿਲੱਖਣ ਥਾਂ ਹੈ। ਮਾਵਾਂ ਭੈਣਾਂ ਦੀ ਸਾਂਝ ਜਗ ਜਾਹਰ ਹੈ। ਮਾਂ ਤੋਂ ਬਾਅਦ ਭੈਣ ਆਪਣੇ ਭਰਾ ਨੂੰ ਸਭ ਤੋਂ ਵਧੇਰੇ ਆਦਰ ਮਾਣ ਤੇ ਪਿਆਰ ਦਿੰਦੀ ਹੈ। ਭਰਾ ਲਈ ਉਹ ਹਰ ਦੁੱਖ ਜਰਨ ਲਈ ਤਤਪਰ ਰਹਿੰਦੀ ਹੈ। ਉਸ ਲਈ ਸੈਆਂ ਸੁੱਖਾਂ ਸੁਖਦੀ ਹੈ। ਉਹ ਤਾਂ ਉਹਦਾ ਵਾਲ ਵਿੰਗਾ ਵੀ ਨਹੀਂ ਹੋਣ ਦੇਣਾ ਚਾਹੁੰਦੀ।

ਕੀ ਕੋਈ ਭੈਣ ਆਪਣੇ ਵੀਰ ਦਾ ਬੁਰਾ ਲੋਚ ਸਕਦੀ ਹੈ? ਕਈ ਵਾਰ ਪ੍ਰਸਥਿਤੀਆਂ ਹੀ ਅਜਿਹੀਆਂ ਵਾਪਰ ਜਾਂਦੀਆਂ ਹਨ ਕਿ ਭੈਣ ਨੂੰ ਅਜਿਹਾ ਕਾਰਜ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਗੀਤ ਇਕੱਤਰ ਕਰਦਿਆਂ ਮੈਨੂੰ ਅਜਿਹੇ ਦੇ ਪੁਰਾਤਨ ਤੇ ਇਤਿਹਾਸਕ ਲੋਕ ਗੀਤ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਭੈਣ ਆਪਣੇ ਵੀਰ ਨੂੰ ਆਪਣੇ ਹੱਥੀਂ ਮਰਵਾਉਣ ਜਿਹਾ ਘਿਨਾਉਣਾ ਕਾਰਜ ਕਰਦੀ ਹੈ।

ਪਹਿਲਾ ਗੀਤ ਮੋਰਾਂ ਨਣਦ ਦਾ ਹੈ। ਇਸ ਗੀਤ ਵਿੱਚ ਭੈਣ ਦਾ ਹੰਸਾ ਵੀਰ ਉਸ ਨੂੰ ਮਿਲਣ ਲਈ ਉਹਦੇ ਸਹੁਰੀਂ ਆਉਂਦਾ ਹੈ। ਹੰਸਾ ਨੂੰ ਭੈਣ ਦੀ ਨਣਦ ਮੋਰਾਂ ਚੰਗੀ ਚੰਗੀ ਲਗਦੀ ਹੈ ਤੇ ਉਹ ਉਸ ਤੇ ਫਿਦਾ ਹੋ ਜਾਂਦਾ ਹੈ। ਉਹ ਉਸ ਲਈ ਪਿਆਰ ਨਿਸ਼ਾਨੀ ਵਜੋਂ ਨੌ ਲੜਾ ਹਾਰ ਲੈ ਕੇ ਆਉਂਦਾ ਹੈ। ਨਾਲੇ ਆਪਣੀ ਭੈਣ ਮੂਹਰੇ ਉਹਦੇ ਰੂਪ ਦੀਆਂ ਸਿਫ਼ਤਾਂ ਕਰਦਾ ਹੈ। ਪਰੰਤੂ ਭੈਣ ਨੂੰ ਇਹ ਗਲ ਸੁਖਾਂਦੀ ਨਹੀਂ। ਔਰਤਾਂ ਦੀ ਈਰਖਾਲੂ ਪ੍ਰਵਿਰਤੀ ਅਤੇ ਲੋਕ ਨਂਤਿਕਤਾ ਕਾਰਨ ਭੈਣ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਹਦਾ ਭਰਾ ਉਹਦੀ ਨਣਦ ਨੂੰ ਪਿਆਰ ਕਰੇ। ਨਾ ਹੀ ਸਾਡਾ ਸਮਾਜ ਅਜਿਹਾ ਕਰਨ ਦੀ ਆਗਿਆ ਦੇਂਦਾ ਹੈ। ਹੰਸਾ ਮੋਰਾਂ ਨੂੰ ਕਢ ਕੇ ਲੈ ਜਾਂਦਾ ਹੈ। ਭੈਣ ਆਪ ਕੋਠੇ ਤੇ ਚੜ੍ਹ ਕੇ ਰੌਲਾ ਪਾ ਦਿੰਦੀ ਹੈ ਕਿ ਉਹਦਾ ਹੰਸਾ ਵੀਰ ਉਹਦੀ ਨਣਦ ਨੂੰ ਕਢ ਕੇ ਲੈ ਗਿਆ ਹੈ। ਮੋਰਾਂ ਦੇ ਭਰਾ ਉਹਨੂੰ ਵੱਢ ਦੇਂਦੇ ਹਨ। ਇਸ ਖੁਸ਼ੀ ਵਿੱਚ ਉਹ ਲੱਡੂ ਵੰਡਦੀ ਹੈ। ਗੀਤ ਦੇ ਬੋਲ ਹਨ:

ਕੋਠੇ ਚੜ੍ਹਦੀ ਲੋਕੋ ਕਾਂ ਨੂੰ ਉਡਾਂਵਦੀ
ਕਿਤੇ ਆਂਵਦਾ ਲੋਕੋ ਹੰਸਾ ਵੀਰ ਵੇ
ਅਜ ਨਹੀਂ ਆਂਵਦਾ ਕਲ੍ਹ ਨਹੀਂ ਆਂਵਦਾ
ਪਰਸੋਂ ਨੀਂ ਆਂਵਦਾ ਕੁੜੀਏ ਹੰਸਾ ਵੀਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 44