ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਰੀ ਦਾ ਗੱਭਰੂ

ਪੰਜਾਬ ਦੀ ਬੇਟੀ ਦੇ ਮੁਟਿਆਰ ਹੁੰਦਿਆਂ ਸਾਰ ਹੀ ਮਾਪਿਆਂ ਲਈ ਵਰ ਟੋਲਣ ਦੀ ਸੋਚ ਖੜੀ ਹੋ ਜਾਂਦੀ ਹੈ। ਧੀ ਤੋਂ ਚੋਰੀ ਮਾਂ ਬਾਪ ਆਪਣੀ ਪਿਆਰੀ ਲਾਡੋ ਲਈ ਪਿਆਰਾ ਸਾਥ ਲੱਭਣ ਦੇ ਉਪਰਾਲੇ ਕਰਦੇ ਹਨ। ਜੇ ਚੰਗਾ ਹਾਣ ਪਰਵਾਨ ਮਿਲ ਗਿਆ ਤਾਂ ਵਾਹ ਵਾਹ ਨਹੀਂ ਸੰਜੋਗਾਂ ਦਾ ਮੇਲ ਆਖ ਆਪਣੇ ਸਿਰੋਂ ਭਾਰ ਲਾਹ ਲਿਆ ਜਾਂਦਾ ਹੈ। ਧੀ ਦੀ ਕੋਈ ਰਾਏ ਤਕ ਨਹੀਂ ਲੈਂਦਾ।

ਗੋਰੀ ਦੇ ਕੰਨੀਂ ਵੀ ਏਸ ਢੂੰਡ ਦੀ ਭਿਣਕ ਪੈ ਜਾਂਦੀ ਹੈ, ਤਦ ਉਹ ਆਪਣੇ ਹੁਸੀਨ ਸਾਥ ਬਾਰੇ ਕਈ ਇਕ ਰਾਂਗਲੇ ਸੁਪਨੇ ਉਣਦੀ ਹੈ, ਲੋਕ ਗੀਤਾਂ ਦੇ ਬੋਲਾਂ ਦਾ ਸਹਾਰਾ ਲੈ ਆਪਣੇ ਮਨੋ-ਭਾਵਾਂ ਦਾ ਪ੍ਰਗਟਾ ਕਰਦੀ ਹੈ: -

ਵਰ’ ਜੁ ਟੋਲਣ ਚਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੌਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜੇਹੀੜੇ ਕੋਈ ਹੋਰ ਵੇ

ਜੇ ਸਾਥੀ ਕਾਲਾ ਟੱਕਰ ਜਾਵੇ ਤਾਂ ਉਹ ਉਹਨੂੰ ਅਪਣਾ ਸੀਰੀ ਦਸਦੀ ਹੈ। ਅਪਣੇ ਗੋਰੇ ਸਾਥੀ ਨੂੰ ਬੜੇ ਮਾਣ ਨਾਲ਼ ਪਟਵਾਰੀ ਆਖਦੀ ਹੈ। ਕਾਲਾ ਘਰ ਵਿੱਚ ਹਨੇਰਾ ਕਰ ਦੇਂਦਾ ਏ ਤੇ ਗੋਰਾ ਹਾਣ ਚਾਨਣ ਦਾ ਢੰਆ ਦੇਂਦਾ ਹੈ: -

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 48