ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਤੈਨੂੰ ਕਿਹੜੇ ਬਹਾਨੇ ਪਾਵਾਂ
ਕੁੜਤੀ ਨੀ ਰੀਲ ਦੀ
ਮੁੰਡਾ ਸੁਣੀਂਦਾ ਬੁਢੜਾ ਨੀ
ਕੁੜਤੀ ਨੀ ਰੀਲ ਦੀਏ
ਤੈਨੂੰ ਕਿਹੜੇ ਬਹਾਨੇ ਪਾਵਾਂ

ਬੁਢੇ ਨੂੰ ਗੋਰੀ ਵੇਚਨ ਲਈ ਤੁਰ ਪੈਂਦੀ ਹੈ, ਪਰ ਉਸ ਨੂੰ ਕੋਈ ਉਧਾਰਾ ਲੈ ਕੇ ਵੀ ਰਾਜ਼ੀ ਨਹੀਂ:-

ਕੋਠੇ ਉਤੇ ਕੋਠੜੀ
ਉਤੇ ਬੁੜ੍ਹੇ ਦੀ ਅਟਾਰੀ
ਕੋਠੇ ਚੜ੍ਹਕੇ ਦੇਖਦੀ
ਬੁੜ੍ਹਾ ਪਿਆ ਚਾਦਰ ਤਾਣੀ
ਪੱਲਾ ਚੱਕ ਕੇ ਦੇਖਦੀ
ਮੇਰੇ ਬਾਬੇ ਦਾ ਹਾਣੀ
ਪਟਿਆਰੀ ਚੱਕ ਕੇ ਤੁਰ ਪਈ
ਕੋਈ ਬੁੜ੍ਹੇ ਦਾ ਵਪਾਰੀ
ਬਾਜਾਰ 'ਚ ਹੋਕੇ ਦੇਂਵਦੀ
ਕੋਈ ਲਵੇ ਨਾ ਉਧਾਰਾ

ਗੋਰੀ ਬਗ਼ਾਵਤ ਕਰਨ ਦੇ ਵੀ ਉਪਰਾਲੇ ਕਰਦੀ ਹੈ: -

ਵੱਢ ਲਈਆਂ ਕਣਕਾਂ
ਚੱਕ ਲਏ ਦਾਣੇ
ਮੈਂ ਨੀ ਬਾਪੂ ਜਾਣਾ
ਉਹ ਤਾਂ ਪਿਓ ਪੁੱਤ ਕਾਣੇ

ਪਰ ਗੋਰੀ ਨੂੰ ਕਾਣੇ ਦੇ ਵਸਣਾ ਹੀ ਪੈਂਦਾ ਹੈ। ਇਕ ਸਬਰ ਦਾ ਘੁੱਟ ਭਰ ਕੇ ਗੋਰੀ ਬੈਠ ਜਾਂਦੀ ਹੈ: -

ਕੱਚੀ ਕੈਲ ਨੀ ਲਚਕ ਟੁਟ ਜਾਵਾਂ
ਪੱਲੇ ਪੈਗੀ ਸੂਰਦਾਸ ਦੇ
ਸ਼ਾਇਦ ਇਸੇ ਕਰਕੇ ਕਾਣੇ ਨੂੰ ਗਾਲਾਂ ਮਿਲਦੀਆਂ ਹਨ:
ਆਪੇ ਕਾਣੇ ਨੇ ਸੱਗੀ ਕਰਾਈ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 56