ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੀਆਂ ਦਾ ਗਹਿਣਾ

ਪੰਜਾਬ ਦੇ ਲੋਕ-ਜੀਵਨ ਵਿੱਚ ਦਿਓਰ ਭਰਜਾਈ ਦਾ ਨਾਤਾ ਬੜਾ ਪਿਆਰਾ ਨਾਤਾ ਏ। ਪੰਜਾਬ ਦੀ ਗੋਰੀ ਆਪਣੇ ਜੇਠ ਅਤੇ ਸਹੁਰੇ ਤੋਂ ਸੈਆਂ ਓਹਲੇ ਰਖਦੀ ਏ, ਆਪਣੇ ਆਪ ਨੂੰ ਸਾਂਭ ਸਾਂਭ ਰੱਖਦੀ ਏ, ਲਕੋ ਲਕੋ ਰਖਦੀ ਏ, ਆਪਣੇ ਮਾਖਿਓਂ ਮਿਠੇ ਬੋਲ ਵੀ ਉਹਨਾਂ ਨਾਲ ਸਾਂਝੇ ਕਰਨੋਂ ਝਿਜਕਦੀ ਏ, ਸ਼ਰਮ ਮਹਿਸੂਸ ਕਰਦੀ ਏ। ਪਰ ਦਿਓਰ ਲਈ ਉਸ ਪਾਸ ਕੋਈ ਝਿਜਕ ਨਹੀਂ, ਸੰਗਾਅ ਨਹੀਂ। ਦੋਨਾਂ ਦਿਆਂ ਹਾਸਿਆਂ ਮਖੌਲਾਂ ਨੂੰ ਕੋਈ ਮੈਲ਼ੀ ਅਖ ਨਾਲ਼ ਨਹੀਂ ਵੇਖਦਾ, ਕਿਸੇ ਸਮਾਜੀ ਬੰਧਸ਼ ਨਾਲ ਨਹੀਂ ਜਕੜਦਾ। ਭਾਬੀਆਂ ਦਿਓਰਾਂ ਦੇ ਪਿਆਰਾਂ ਨਾਲ ਭਰੇ ਹਾਸੇ ਮਖੌਲ ਪੰਜਾਬ ਦੇ ਲੋਕ ਜੀਵਨ ਵਿੱਚ ਹਰ ਵੇਲੇ ਸੁਗੰਧੀ ਬਖੇਰਦੇ ਰਹਿੰਦੇ ਹਨ। ਕੀ ਜਵਾਨ ਕੀ ਬੁਢਾ ਆਪਣੀ ਭਰਜਾਈ ਨਾਲ ਟਿਕਚਰ ਬਾਜ਼ੀ ਕਰਕੇ, ਹਰ ਥਕੇਵੇਂ ਅਤੇ ਗ਼ਾਮ ਨੂੰ ਭੁਲ, ਨਸ਼ਿਆ ਜਾਂਦਾ ਹੈ।

ਜੇ ਭਰਜਾਈ ਦਾ ਦੇਵਰ ਛੋਟੀ ਉਮਰ ਦਾ ਹੋਵੇ ਤਾਂ ਉਹ ਉਸ ਨੂੰ ਹਰ ਵੇਲੇ ਰਝਾਉਣ ਵਿੱਚ ਮਸਤ ਰਹਿੰਦੀ ਹੈ: -

ਸੌਣ ਮਹੀਨੇ ਦਾ ਵਰ੍ਹਿਆ ਮੇਘਲਾ
ਮੋਰਾਂ ਨੇ ਪੈਲਾਂ ਪਾ ਲਈਆਂ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖੇਲਣੇ ਨੂੰ ਮੰਗਦਾ ਚੀਚੀ ਦਾ ਛੱਲਾ
ਚੀਚੀ ਦਾ ਛੱਲਾ ਲੋਕੋ ਦੇ ਰਹੀ ਵੇ
ਦੇਵਰ ਰੁਸਿਆ ਜਾਂਵਦਾ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖਾਣੇ ਨੂੰ ਮੰਗਦਾ ਲੈਚੀ ਦਾ ਦਾਣਾ
ਲੈਚੀ ਦਾ ਦਾਣਾ ਲੋਕੋ ਦੇ ਰਹੀ ਵੇ
ਦੇਵਰ ਰੁਸਿਆ ਜਾਂਵਦਾ
ਭਾਬੀ ਦਾ ਦੇਵਰ ਖਰਾ ਹੀ ਨਿਆਣਾ ਵੇ
ਖੇਲਣੇ ਨੂੰ ਮੰਗਦਾ ਲੱਕੜੀ ਦਾ ਗਡੀਹਰਾ
ਲੱਕੜੀ ਦਾ ਗਡੀਹਰਾ ਲੋਕੋ ਦੇ ਰਹੀ ਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 75