ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵਰ ਰੁਸਿਆ ਜਾਂਵਦਾ

ਛੋਟੋ ਦੇਵਰ ਨੂੰ ਭਾਬੀ ਹਰ ਤਰ੍ਹਾਂ ਨਾਲ ਖੁਸ਼ ਰਖਦੀ ਹੈ, ਉਹਦੀ ਹਰ ਸੱਧਰ ਪੂਰੀ ਕਰਦੀ ਹੈ ਤੇ ਕਿਸੇ ਗਹਿਣੇ ਵਾਂਗ ਉਹਨੂੰ ਸਾਂਭ ਸਾਂਭ ਰਖਦੀ ਹੈ: -

ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿੱਚ ਖੇਲਦਾ ਫਿਰੇ

ਜੇਕਰ ਦੇਵਰ ਭਾਬੀ ਦੇ ਹਾਣ ਪਰਵਾਨ ਦਾ ਹੋਵੇ ਤਾਂ ਉਹ ਬਣ ਸੰਵਰ ਕੇ ਉਸ ਨੂੰ ਰੋਟੀ (ਭੱਤਾ) ਲੈਕੇ ਜਾਂਦੀ ਹੈ: -

ਲੈ ਡੋਹੀਆ ਗੰਢੇ ਦੇ ਪੱਤ ਵਰਗਾ
ਰੋਟੀ ਲੈ ਕੇ ਦਿਓਰ ਦੀ ਚੱਲੀ

ਪਰ ਅਗੋਂ ਜੇ ਦੇਵਰ ਦੀ ਥਾਂ ਜੇਠ ਹਲ਼ ਵਾਹੁੰਦਾ ਹੋਵੇ ਤਾਂ ਉਸ ਨੂੰ ਕਿੰਨੀ ਨਿਰਾਸਤਾ ਹੁੰਦੀ ਏ :

ਰੋਟੀ ਲੈਕੇ ਦਿਓਰ ਦੀ ਚੱਲੀ
ਅਗੇ ਜੇਠ ਬੱਕਰਾ ਹਲ਼ ਵਾਹੇ

ਸ਼ਾਇਦ ਇਸੇ ਕਰਕੇ ਹੀ ਜੇਠ ਨੂੰ ਲੱਸੀ ਦੇਕੇ ਵੀ ਉਹ ਰਾਜ਼ੀ ਨਹੀਂ:

ਅਸੀਂ ਜੇਠ ਨੂੰ ਲੱਸੀ ਨਹੀਂ ਦੇਣੀ
ਦਿਓਰ ਭਾਵੇਂ ਦੁਧ ਪੀ ਲਵੇ

ਅਜੇਹੇ ਕਾਮੇ ਦਿਓਰ ਦੀ ਬਾਹਰੋਂ ਕੰਮ ਤੋਂ ਵਾਪਸ ਘਰ ਆਉਣ ਤੇ ਭਾਬੀ ਪੂਰੀ ਸੇਵਾ ਕਰਦੀ ਹੈ ਤੇ ਉਹਦਾ ਸਾਰਾ ਥਕੇਵਾਂ ਕਿਧਰੇ ਉਡ ਪੁਡ ਜਾਂਦਾ ਹੈ: -

ਬਾਹਰੋਂ ਆਈਆ ਕੱਸੀ ਲਾਕੇ
ਠੰਢਾ ਤੱਤਾ ਤੈਨੂੰ ਪਾਣੀ ਲਿਆ ਦਿਆਂ
ਵਿੱਚ ਬੱਠਲ ਦੇ ਪਾਕੇ
ਵਿੱਚ ਵਿਹੜੇ ਦੇ ਡਾਹ ਦਿਆਂ ਪਟੜਾ
ਝਾਵਾਂ ਕੋਲ ਰਖਾਕੇ
ਵਿੱਚ ਦਰਵਾਜ਼ੇ ਡਾਹ ਦਿਆਂ ਮੰਜੀ
ਉਤੇ ਦਰੀ ਬਛਾਕੇ
ਮੈਂ ਤਾਂ ਤੈਨੂੰ ਲਿਆਵਾਂ ਰੋਟੀਆਂ
ਖੰਡ ਘਿਓ ਖੂਬ ਰਲਾਕੇ
ਹਸਦਾ ਭਾਬੋ ਨੂੰ -
ਦਾਲ ਤੜਕਵੀਂ ਖਾਕੇ

ਜੇਕਰ ਅਜਿਹੀ ਭਾਬੋ ਢਿੱਲੀ ਹੋ ਜਾਵੇ ਤਾਂ ਦਿਓਰ ਵੀ ਫ਼ਿਕਰਮੰਦ ਹੋ ਜਾਂਦਾ ਹੈ:-

ਪੁਛਦਾ ਦਿਓਰ ਖੜਾ
ਤੇਰਾ ਕੀ ਦੁਖਦਾ ਭਰਜਾਈਏ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 76