ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੇ ਅਗੋਂ ਭਰਜਾਈ ਆਪਣੇ ਦੁਖ ਦਾ ਇਲਾਜ ਵੀ ਦਸ ਦੇਂਦੀ ਏ:-

ਸਹੁਰਿਆ ਦੇ ਅਰਜ਼ ਕਰੇਨੀ ਆਂ
ਦਰ ਵਿੱਚ ਖੂਹਾ ਲਵਾ
ਮੈਂ ਦੂਰ ਪਾਣੀ ਜਾਨੀ ਆਂ
ਜੇਠਾ ਵੇ ਅਰਜ ਕਰੇਨੀ ਆਂ
ਤ੍ਰਿੰਜਣਾ ’ਚ ਬੋਲੀਆਂ ਨਾ ਮਾਰ
ਮੈਂ ਪੇਕੇ ਉਠ ਜਾਨੀ ਆਂ
ਸੱਸੋ ਨੀ ਇਕ ਅਰਜ ਕਰੇਨੀ ਆਂ
ਭਾਈਏਂ ਗਾਲ ਨਾ ਦੇ
ਮੈਂ ਹੁਣ ਮਰ ਜਾਨੀ ਆਂ
ਦਿਓਰਾ ਵੇ ਇਕ ਅਰਜ ਕਰੇਨੀ ਆਂ
ਮਿਠੀ ਮਿੱਠੀ ਢੋਲਕੀ ਵਜਾ
ਮੈਂ ਹੁਣ ਖਿੜ ਜਾਨੀ ਆਂ

ਇਕ ਗੀਤ ਵਿੱਚ ਦਿਓਰ ਦੇ ਲਿਆਂਦੇ ਹੋਏ ਕਰੇਲੇ ਘਰ ਵਿੱਚ ਫਸਾਦ ਖੜਾ ਕਰ ਦੇਂਦੇ ਹਨ। ਨਣਦ ਭਾਬੋ ਨੂੰ ਘਰੋਂ ਬਾਹਰ ਕਢਵਾ ਦੇਂਦੀ ਹੈ, ਪਰ ਦਿਓਰ ਉਸ ਨੂੰ ਮੁੜ ਘਰ ਲੈ ਆਉਂਦਾ ਹੈ: -

ਮੇਰਾ ਦਿਓਰ ਕਰੇਲੇ ਲਿਆਇਆ ਨੀ
ਲੈ ਛਾਬੇ ਮੈਂ ਪਾਏ ਨੀ
ਮੈਂ ਘਿਓ ਦਾ ਤੜਕਾ ਲਾਇਆ ਨੀ
ਮੈਂ ਰਤੀ ਰਤੀ ਵਰਤਾਏ ਨੀ
ਨਣਦੀ ਨੂੰ ਰਹਿ ਗਏ ਥੋਹੜੇ ਨੀ
ਨਣਦੀ ਨੇ ਸਹੁਰੇ ਕੋਲ ਲਾਈਆਂ ਨੀ
ਸਹੁਰੇ ਨੇ ਸੱਸ ਕੋਲ ਲਾਈਆਂ ਨੀ
ਸਸ ਨੇ ਜੇਠ ਕੋਲ ਲਾਈਆਂ ਨੀ
ਜੇਠ ਨੇ ਵੀਰ ਕੋਲ ਲਾਈਆਂ ਨੀ
ਕੰਤਾਂ ਨੇ ਬਾਹਰ ਕਢਾਈਆਂ ਨੀ
ਦਿਓਰਾ ਨੇ ਮੋੜ ਵਸਾਈਆਂ ਨੀ

ਸੋਹਣੇ ਜਿਹੇ ਦਿਓਰ ਨੂੰ ਧੁਪ ਵਿੱਚ ਖੜਿਆਂ ਵੇਖਕੇ, ਕਿਸੇ ਸੁਹਲ ਜਹੀ ਭਾਬੀ ਦਾ ਕਾਲਜਾ ਮੱਚਣ ਲੱਗ ਜਾਂਦਾ ਹੈ। ਕਿੰਨੀ ਨਾਜ਼ਕ ਖ਼ਿਆਲੀ ਹੈ ਇਨ੍ਹਾਂ ਬੋਲਾਂ ਵਿੱਚ :-

ਦਿਓਰਾ ਤੈਨੂੰ ਧੁਪ ਲਗਦੀ
ਮੱਚੇ ਕਾਲਜਾ ਮੇਰਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 77