ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰ ਰਸ ਮਾਣਦੀ ਹੈ:-

ਨਣਦੇ ਮੋਰਨੀਏ
ਤੇਰੇ ਮਗਰ ਬੰਦੂਕਾਂ ਵਾਲੇ

ਉਹ ਜਵਾਨੀ ਵੀ ਕਾਹਦੀ ਹੋਈ ਜੋ ਬਦਲਾ ਨਾ ਲਵੇ। ਬਿੱਲੀਆਂ ਅੱਖੀਆਂ ਵਾਲੀ ਭਾਬੋ ਨੂੰ ਸੁਰਮਾਂ ਪਾਂਦੀ ਤੱਕ ਅਪਣਾ ਬਦਲਾ ਚੁਕਾਉਂਦੀ ਹੈ:-

ਸੁਰਮਾਂ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ

ਬਿੱਲੀਆਂ ਅੱਖੀਆਂ ਵਾਲੀ ਭਾਬੋ ਮੋਰਨੀ ਨਣਦ ਦੀ ਹਰ ਹਰਕਤ ਤਾੜਦੀ ਹੈ:

ਨਣਦੇ ਮੋਰਨੀਏ
ਘੜਾ ਵਿੱਚ ਮੁੰਡਿਆਂ ਦੇ ਭੰਨਿਆ

ਜਵਾਨ ਹੁਸਨ ਬਹਾਨੇ ਘੜਨ ਵਿੱਚ ਵੀ ਤਾਂ ਉਸਤਾਦ ਹੁੰਦਾ ਹੈ:-

ਭਾਬੋ ਮੇਰੇ ਵੱਸ ਨਾ ਰਹੀ
ਘੜਾ ਫੁਟ ਗਿਆ ਸੁੱਥਣ ਪਟ ਹੋਗੀ।

ਜੇਕਰ ਨਣਦ ਅਪਣੇ ਵੀਰੇ ਤੋਂ ਪੰਜ ਸਤ ਵਰ੍ਹੇ ਛੋਟੀ ਹੋਵੇ ਤਾਂ ਵੱਡੀ ਭਾਬ ਬਚਪਨ ਅਤੇ ਜੁਆਨੀ ਦੇ ਦੁਮੇਲ ਤੇ ਖੜੀ ਛੋਟੀ ਨਣਦ ਦੀ ਪੂਰਨ ਰਾਖੀ ਰਖਦੀ ਹੈ:-

ਚਿੱਟੇ ਗੂਠੜੇ ਦੁਖੱਲੀ ਜੁੱਤੀ ਪਾਕੇ
ਕਿੱਥੇ ਚੱਲੀ ਬੀਬੀ ਨਣਦੇ

ਨਣਦ ਅੱਗੋ ਕਾਰਨ ਦੱਸ ਦੇਂਦੀ ਹੈ: -

ਹੱਥ ਪੂਣੀਆਂ ਢਾਕ ਪੁਰ ਚਰਖਾ
ਤ੍ਰਿੰਜਣੀ ਕੱਤਣ ਚੱਲੀ।

ਸੂਝਵਾਨ ਭਾਬੋ ਨਣਦ ਨੂੰ ਬੇ-ਮੁਹਾਰੀ ਹੁੰਦੀ ਤਕ, ਉਸ ਨੂੰ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ: -

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 84