ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੋ ਮਾਇਆ ਮੇਰੇ ਘਰੇ ਬਥੇਰੀ
ਭਾਬੋ ਮੈਂ ਡੋਰੀਏ ਨੂੰ ਆਈ

ਛੀ ਮਹੀਨੇ ਮੈਂ ਕੱਤਿਆ ਤੂੰਬਿਆ
ਛੀ ਮਹੀਨੇ ਲਲਾਰੀ ਰੰਗਿਆ,
ਛੀ ਮਹੀਨੇ ਜੁਲਾਹੇ ਰਖਿਆ,
ਨਣਦੇ ਮੈਂ ਤੋਰੀਆ ਕਦੇ ਨਾ ਦੋਮਾਂ

ਭਾਬੋ ਮਰ ਜਾਣ ਤੇਰੇ ਭਾਈ ਭਤੀਜੇ,
ਉਜੜ ਜਾਵੇ ਖੇੜਾ ਤੇਰੇ ਬਾਪ ਦਾ,
ਮੁੜ ਘਰ ਤੇਰੇ ਪੈਰ ਨਾ ਪਾਮਾਂ

ਸੁਣ ਵੇ ਰਾਹੀਆਂ ਭਾਈਆ,
ਮੇਰੀ ਦੇਖੀ ਹੋਵੇ ਨਣਦ ਰਸੀਲੀ

ਕਿਹੋ ਜਹੀ ਤੇਰੀ ਨਣਦ ਰਸੀਲੀ
ਕਿਹੋ ਜੇਹਾ ਤੇਰਾ ਨਣਦੋਈਆ

ਗੋਰੀ ਜਹੀ ਮੇਰੀ ਨਣਦ ਰਸੀਲੀ
ਸਾਂਵਲਾ ਨਣਦੋਈਆ

ਆ ਮੇਰੀ ਨਣਦੀ ਬੈਠ ਪਲੰਘ ਪੁਰ
ਤੂੰ ਡੋਰੀਆ ਲੈ ਜਾਈਂ

ਜੀਵਨ ਤੇਰੇ ਭਾਈ ਭਤੀਜੇ
ਸੁਖੀ ਵਸੇ ਤੇਰੇ ਬਾਪੂ ਦਾ ਖੇੜ

ਪੇਕਿਆਂ ਤੋਂ ਆਈ ਹਰ ਚੀਜ਼ ਤੇ ਔਰਤਾਂ ਅਪਣਾ ਖ਼ਾਸ ਹੱਕ ਸਮਝਦੀਆਂ ਹੀ ਹਨ। ਪਰ ਕਈ ਵਾਰੀ ਸਹੁਰੀਂ ਬੈਠੀ ਨਣਦ ਜੋ ਆਪਣੇ ਖੁਲ੍ਹ ਦਿਲੇ ਵੀਰ ਪਾਸੋਂ ਮੱਝਾਂ ਲੈ ਜਾਵੇ ਤਾਂ ਭਰਜਾਈਆਂ ਇਸ ਨੂੰ ਚੰਗਾ ਨਹੀਂ ਸਮਝਦੀਆਂ:-

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 93