ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੋੜਾ ਹੈ ਪਰ ਘਾਹ ਨਹੀਂ ਖਾਂਦਾ
ਖੜਾ ਕਰੋ ਤਾਂ ਡਿਗ ਡਿਗ ਜਾਂਦਾ
(ਸਾਈਕਲ)

ਉਨੀਵੀਂ ਸਦੀ ਦੇ ਮੱਧ ਵਿਚ ਰੇਲ ਗੱਡੀਆਂ ਦਾ ਪੰਜਾਬ ਵਿਚ ਜਾਲ ਜਿਹਾ ਵਿਛ ਗਿਆ। ਸਟੇਸ਼ਨ ਤੋਂ ਟੁਰਦੀ ਗੱਡੀ ਪੰਜਾਬੀਆਂ ਨੂੰ ਹੀਰ ਮਜਾਜਣ ਜਾਪੀ। ਜਿਥੇ ਉਨ੍ਹਾਂ ਨੇ ਲੋਕ-ਗੀਤ ਰਚੇ ਓਥੇ ਲੋਕ-ਬੁਝਾਰਤਾਂ ਵੀ ਰੂਪਮਾਨ ਕਰ ਲਈਆਂ:-

ਨਿੱਕੇ ਨਿੱਕੇ ਟੋਟਰੇ
ਸੰਦੂਕ ਚੱਕੀ ਜਾਂਦੇ ਨੇ
ਰਾਜਾ ਪੁੱਛੇ ਰਾਣੀ ਨੂੰ
ਕੀ ਜਨੌਰ ਜਾਂਦੇ ਨੇ
(ਰੇਲ ਗੱਡੀ)

ਜਨੌਰ ਵੀ ਅਜਿਹੇ ਜਿਨ੍ਹਾਂ ਦਾ ਮੁੱਲ ਲੱਖਾਂ ਰੁਪਏ ਹੈ:-

ਇਕ ਜਨੌਰ ਐਸਾ
ਉਸ ਦੇ ਪੈਰ ਪੈਰ ਤੇ ਪੈਸਾ
ਉਹਦੇ ਚੋਟੀ ਉੱਤੇ ਫੁੱਲ
ਉਸਦਾ ਲੱਖ ਰੁਪਿਆ ਮੁੱਲ
(ਰੇਲ ਗੱਡੀ)

ਸਟੇਸ਼ਨ ਤੋਂ ਤੁਰਨ ਲਗਿਆਂ ਗੱਡੀ ਦਾ ਇੰਜਣ ਧੂੰਆਂ ਛਡਦਾ ਹੈ। ਧੂੰਆਂ ਵੇਖ ਬੁਝਾਰਤ ਰਚਨ ਵਾਲੇ ਨੇ ਜ਼ਰਾ ਵੀ ਦੇਰ ਨਾ ਲਾਈ:-

ਇੱਕ ਜ਼ਨਾਨੀ
ਹੁੱਕਾ ਪੀਣੋਂ ਹਟਦੀ ਨਹੀਂ
(ਰੇਲ ਗੱਡੀ)

ਜਦ ਬੁਝਾਰਤ ਦਾ ਕੋਈ ਰਸੀਆ ਪਹਿਲੀ ਵਾਰੀ ਗੱਡੀ ਵਿਚ ਸਵਾਰ ਹੋਇਆ ਤਾਂ ਉਹਨੂੰ ਸਾਰੀਆਂ ਸਵਾਰੀਆਂ ਓਪਰੀਆਂ ਜਾਪੀਆਂ:-

99/ ਲੋਕ ਬੁਝਾਰਤਾਂ