ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹਦੇ ਹਨ। ਸੌੜੇ ਵਾਤਾਵਰਣ ਤੋਂ ਉਪਜੇ ਉਦਗਾਰ ਕਲਾ ਦੇ ਰੂਪ ਵਿਚ ਆ ਕੇ ਵੀ ਆਪਣੇ ਉਤੋਂ ਆਪਣੇ ਸੌੜੇ ਵਾਤਾਵਰਣ ਦੀ ਛਾਪ ਨਹੀਂ ਗੁਆਉਂਦੇ। ਇਸੇ ਤਰ੍ਹਾਂ ਵਿਸ਼ਾਲ ਚੁਗਿਰਦੇ ਦੀ ਪੈਦਾਵਾਰ ਉਦਗਾਰ, ਆਪਣੀ ਵਿਰਾਸਤ ਦਾ ਸਦਕਾ ਕਲਾ ਦੇ ਰੂਪ ਵਿਚ ਆ ਕੇ ਵੀ ਵਿਸ਼ਾਲਤਾ ਦੇ ਲਖਾਇਕ ਰਹਿੰਦੇ ਹਨ। ਇਹ ਮੰਨ ਲੈਣਾ ਅਨੁਚਿਤ ਨਹੀਂ ਕਿ ਇੱਕੇ ਦੁੱਕੇ ਆਦਮੀ ਦਾ, ਜੋ ਸਮਾਜ ਤੋਂ ਉੱਕਾ ਹੀ ਨਿਖੜ ਚੁੱਕਾ ਹੋਵੇ, ਅਨੁਭਵ ਓਨਾਂ ਵਿਸ਼ਾਲ ਨਹੀਂ ਹੋ ਸਕਦਾ ਜਿੰਨਾਂ ਕਿ ਲੋਕਾਂ ਦੇ ਸਮੂਹ ਦਾ। ਇਸੇ ਲਈ ਨਿੱਜੀ ਕਲਾਕਾਰ ਦੀ ਕਲਾ ਵਿੱਚ ਉਹ ਵਿਸ਼ਾਲਤਾ ਨਹੀਂ ਆ ਸਕਦੀ, ਜੋ ਹਰ ਲੋਕ-ਕਲਾ ਦਾ ਮੁਖੀ ਭਾਗ ਹੁੰਦੀ ਹੈ। ਪਹਿਲੀ ਪ੍ਰਕਾਰ ਦੀ ਕਲਾ ਦੇ ਉਦਗਾਰ ਤੇ ਪ੍ਰਗਟਾਅ ਇਕ ਨਿੱਜੀ ਲਾਲਸਾ ਤੇ ਯਤਨ ਦਾ ਸਿੱਟਾ ਹੁੰਦੇ ਹਨ, ਪਰ ਦੂਜੀ ਪ੍ਰਕਾਰ ਦੀ ਕਲਾ ਵਿਚਲੇ ਉਦਗਾਰ ਲੋਕਾਂ ਦੇ ਸਾਂਝੇ ਉੱਦਮਾਂ ਦਾ ਸਿੱਟਾ।

ਲੋਕ-ਕਲਾ ਆਪਣੇ ਵੇਲੇ ਦੇ ਲੋਕ-ਦਿਲਾਂ ਦੀ ਪ੍ਰਤੀਨਿਧ ਆਵਾਜ਼ ਤਾਂ ਹੁੰਦੀ ਹੀ ਹੈ, ਪਰ ਉਸ ਵਿਚੋਂ ਬੀਤੇ ਦੇ ਨਕਸ਼, ਬੀਤੇ ਦੇ ਲੋਕਾਂ ਦੀਆਂ ਮਿਹਨਤਾਂ, ਮੁਸ਼ੱਕਤਾਂ ਤੇ ਘਾਲਾਂ ਦਾ ਬੀਰਤਾ ਭਰਿਆ ਇਤਿਹਾਸ ਵੀ ਵਾਚਿਆ ਜਾ ਸਕਦਾ ਹੈ ਤੇ ਬੀਤ ਰਹੇ ਦੇ ਸੁਪਨਿਆਂ ਨੂੰ ਆਉਣ ਵਾਲੇ ਸਮੇਂ ਵਿਚ ਆਸ਼ਾਵਾਦੀ ਨਜ਼ਰ ਨਾਲ ਤੋੜ ਚੜ੍ਹਦਿਆਂ ਵੀ ਦੇਖਿਆ ਜਾ ਸਕਦਾ ਹੈ, ਜਿਸ ਦਾ ਸਦਕਾ ਲੋਕ-ਕਲਾ ਹਰ ਜੁਗ ਤੇ ਹਰ ਸਮੇਂ ਦੇ ਲੋਕਾਂ ਲਈ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ

ਇਹ ਗੁਣ, ਲੋਕ-ਕਲਾ ਦੇ ਹਰ ਅੰਗ ਵਿਚ ਮੁੱਖ ਤੌਰ ਤੇ ਦੇਖੇ ਜਾ ਸਕਦੇ ਹਨ। ਲੋਕ-ਗੀਤ, ਲੋਕਾਂ ਦੀਆਂ ਦੁਸ਼ਮਣ-ਸ਼ਕਤੀਆਂ ਵਿਰੁੱਧ ਲੋਕਾਂ ਦੀਆਂ ਬਹਾਦਰੀਆਂ ਤੇ ਸੰਗਰਾਮਾਂ ਦਾ ਬੀਰਤਾ ਭਰਿਆ ਇਤਿਹਾਸ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਲੋਕ-ਗੀਤਾਂ ਦੇ ਨਾਇਕ ਆਪਣੇ ਵੇਲੇ ਦੇ ਪ੍ਰਤੀਨਿਧ ਸਮਾਜਕ ਵਿਅਕਤੀ, ਜਿਨ੍ਹਾਂ ਨੇ ਜਾਨਾਂ ਹੂਲਕੇ ਘਾਲਾਂ ਘਾਲੀਆਂ ਹੋਣ, ਹੀ ਹੋ ਸਕਦੇ ਹਨ। ਉਹਨਾਂ ਦੀਆਂ ਉਹ ਘਾਲਾਂ ਲੋਕ-ਗੀਤਾਂ ਰਾਹੀਂ ਸਦੀਆਂ ਬਾਅਦ ਵੀ ਲੋਕਾਂ ਨੂੰ ਪ੍ਰੇਰਨਾ ਦੇਣ ਦਾ ਵਸੀਲਾ ਬਣੀਆਂ ਰਹਿੰਦੀਆਂ ਹਨ। ਇਹੋ ਕਾਰਨ ਹੈ ਕਿ ਲੋਕ-ਗੀਤਾਂ ਦੇ ਨਾਇਕ ਲੋਕਾਂ ਨੂੰ ਪ੍ਰੇਰਨਾ ਦਿੰਦੇ ਤੇ ਉਹਨਾਂ 'ਚੋਂ ਨਵੇਂ ਸਮਾਜਕ ਨਾਇਕ ਪੈਦਾ ਕਰਦੇ ਰਹਿੰਦੇ ਹਨ ਤੇ ਇਹ ਸਿਲਸਿਲਾ ਹਮੇਸ਼ਾਂ ਜਾਰੀ ਰਹਿੰਦਾ ਹੈ।

13 ਲੋਕ ਬੁਝਾਰਤਾਂ