ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ-ਗੀਤਾਂ ਵਾਂਗ ਹੀ ਲੋਕ-ਕਹਾਣੀਆਂ ਲੋਕਾਂ ਤੇ ਸਮਾਜ ਲਈ ਆਪਣਾ ਕਰਤੱਵ ਪਾਲਦੀਆਂ ਹਨ। ਲੋਕ-ਕਹਾਣੀਆਂ ਦਾ ਸੁਭਾਅ ਵੀ ਤੇ ਰੂਪ ਵੀ ਲੋਕਾਂ ਵਾਂਗ ਸਰਲ ਤੇ ਸਾਦ-ਮੁਰਾਦਾ ਹੁੰਦਾ ਹੈ। ਇਹ ਵੀ ਲੋਕ-ਹਿੱਤਾਂ ਲਈ, ਲੋਕਾਂ ਲਈ ਦੁਸ਼ਮਣ-ਸ਼ਕਤੀਆਂ ਵਿਰੁੱਧ ਸੰਗਰਾਮ ਕਰਦੇ ਰਹਿਣ ਦੀ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਹਨ। ਸੱਚ ਤੇ ਨਿਆਂ ਲਈ ਇਹਨਾਂ ਦੇ ਨਾਇਕ ਸਿਰਧੜ ਦੀ ਬਾਜ਼ੀ ਲਾਕੇ, ਜ਼ੁਲਮਾਂ ਨਾਲ ਸੰਗਰਾਮ ਕਰਦੇ ਤੇ ਜ਼ੁਲਮ ਤੇ ਕਾਬੂ ਪਾਉਂਦੇ ਹਨ। ਲੋਕ ਕਹਾਣੀਆਂ ਦੇ ਨਾਇਕ, ਲੋਕ-ਗੀਤਾਂ ਨਾਲੋਂ ਵੀ ਕਿਸੇ ਹੱਦ ਤੱਕ ਵੱਧ, ਲੋਕਾਂ ਨੂੰ ਆਪਣੇ ਵਰਗੇ ਸਮਾਜਕ ਵਿਅਕਤੀ ਬਣਨ ਦੀ ਪ੍ਰੇਰਨਾ ਦਿੰਦੇ ਹਨ।

ਲੋਕ-ਕਹਾਣੀਆਂ ਦੇ ਸਾਦ-ਮੁਰਾਦੇ ਵੇਸ ਵਿੱਚ ਵੀ, ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ, ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅਗੇ ਉਘਾੜ ਕੇ ਪੇਸ਼ ਕਰਦੇ ਹਨ।

ਲੋਕ-ਗੀਤਾਂ ਤੇ ਲੋਕ-ਕਹਾਣੀਆਂ ਤੋਂ ਉਤਰ ਕੇ ਲੋਕ-ਕਲਾ ਦਾ ਵਿਸ਼ੇਸ਼ ਅੰਗ ਲੋਕ-ਬੁਝਾਰਤਾਂ ਹੀ ਹਨ। ਭਾਵੇਂ ਇਸ ਕਲਾ ਦੇ ਅੰਗ ਜਿਵੇਂ ਲੋਕਨਾਚ, ਲੋਕ-ਸੰਗੀਤ ਤੇ ਲੋਕ-ਚਿਤਰ ਵੀ ਆਪਣੀ ਆਪਣੀ ਥਾਂ ਵਿਸ਼ੇਸ਼ਤਾ ਰੱਖਦੇ ਹਨ। ਇਹਨਾਂ ਅੰਗਾਂ ਬਾਰੇ ਵਿਚਾਰ, ਪੂਰੇ ਵਿਸਤਾਰ ਤੋਂ ਸੱਖਣੀ ਮੰਤਵ ਤੋਂ ਲਾਂਭੇ ਲੈ ਜਾਏਗੀ, ਇਸ ਲਈ ਉਸ ਤੋਂ ਸੰਕੋਚ ਕਰਦਾ ਹਾਂ।

ਲੋਕ-ਬੁਝਾਰਤਾਂ ਲੋਕ-ਸਾਹਿਤ ਦਾ ਇਕ ਵਿਸ਼ੇਸ਼ ਅੰਗ ਹੁੰਦੇ ਹੋਏ ਵੀ, ਲੋਕਾਂ ਅੱਗੇ ਕਿਤਾਬੀ ਸਾਹਿਤ ਦੇ ਰੂਪ ਵਿਚ ਘੱਟ ਹੀ ਆਈਆਂ ਹਨ। ਪਰ ਲੋਕਾਂ ਦੀ ਕੋਈ ਵੀ ਕਲਾ ਆਪਣੇ ਜੀਊਂਦੇ ਰਹਿਣ ਲਈ, ਕਿਤਾਬੀ ਜਾਂ ਕਿਸੇ ਕਿਸਮ ਦੇ ਹੋਰ ਸਾਧਨਾਂ ਦੀ ਮੁਹਤਾਜ ਨਹੀਂ ਹੁੰਦੀ। ਲੋਕ-ਸਾਹਿਤ ਦੇ ਵਿਰੋਧੀ, ਭਾਵੇਂ ਵਿਰੋਧ ਕਰਨ ਵਿਚ ਆਪਣੀ ਪੂਰੀ ਟਿੱਲ ਲਾਉਂਦੇ ਹਨ, ਪਰ ਲੋਕਸਾਹਿਤ ਹਮੇਸ਼ਾਂ ਜੀਉਂਦਾ ਤੇ ਵਿਕਾਸ ਕਰਦਾ ਹੈ, ਠੀਕ ਲੋਕਾਂ ਤੇ ਲੋਕਸ਼ਕਤੀ ਵਾਂਗ ਹੀ, ਜੋ ਕਿਸੇ ਵਿਰੋਧੀ ਦੀ ਈਨ ਮੰਨੇ ਬਗੈਰ, ਜੀਊਂਦੀ, ਵਧਦੀ ਤੇ ਆਪਣੇ ਵਿਕਾਸ ਦੇ ਪੜਾਅ ਪਾਰ ਕਰਦੀ ਜਾਂਦੀ ਹੈ।

ਲੋਕ-ਬੁਝਾਰਤਾਂ ਵੀ ਲੋਕ-ਸਾਹਿਤ ਦੇ ਹੋਰਾਂ ਅੰਗਾਂ ਵਾਂਗ ਸਰਲਤਾ ਤੇ ਸਾਦ-ਮੁਰਾਦੇ ਵੇਸ ਨੂੰ ਆਪਣਾ ਸ਼ਿੰਗਾਰ ਬਣਾਉਂਦੀਆਂ ਹਨ। ਇਹ ਸਾਦਗੀ ਤੇ ਸਰਲਤਾ ਇਨ੍ਹਾਂ ਦੀ ਸਾਹਿਤਕ ਵਿਸ਼ੇਸ਼ਤਾ ਨੂੰ ਵਧਾਉਂਦੀ ਹੈ, ਘਟਾਉਂਦੀ

14/ਲੌਕ ਬੁਝਾਰਤਾਂ