ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ। ਇਨ੍ਹਾਂ ਦਾ ਵਿਸ਼ਾ ਤੇ ਰੂਪ ਇਕ ਦੂਏ ਨਾਲ ਇਕ-ਮਿਕ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਇਕ ਦੂਏ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਹ ਬੁੱਧੀ-ਪ੍ਰਧਾਨ ਤੇ ਗੁੰਝਲ-ਭਰਪੂਰ ਹੁੰਦਿਆਂ ਹੋਇਆਂ ਵੀ, ਜੀਵਨ ਤੇ ਚੁਗਿਰਦੇ ਨਾਲ ਇਕ ਮਿਕ ਹੋਈਆਂ ਹੁੰਦੀਆਂ ਹਨ। ਇਹਨਾਂ ਦੇ ਵਿਸ਼ੇ ਚਿੜੀਆਂ ਜਨੌਰਾਂ ਤੇ ਮਨੁੱਖਾਂ ਦੀ ਜ਼ਿੰਦਗੀ, ਜੀਵਨ ਦੇ ਚੁਗਿਰਦੇ ਤੇ ਪ੍ਰਕਿਰਤੀ ਵਿਚੋਂ ਚੁਣੇ ਜਾਂਦੇ ਹਨ। ਜ਼ਿੰਦਗੀ ਲਈ ਆਮ-ਵਰਤੋਂ ਦੀਆਂ ਚੀਜ਼ਾਂ, ਕੁਦਰਤ, ਮਨੁੱਖ ਤੇ ਪਸ਼ੂ, ਜਿਸਮ ਦੇ ਵੱਖੋ ਵੱਖ ਅੰਗ ਬੁਝਾਰਤਾਂ ਦਾ ਰੂਪ ਧਾਰਦੇ ਹਨ। ਹਰ ਸ਼੍ਰੇਣੀ ਤੇ ਹਰ ਉਮਰ ਦੇ ਲੋਕੀ ਇਹਨਾਂ ਨੂੰ ਆਪਣੀ ਬੁੱਧੀ, ਆਪਣੇ ਤਜਰਬੇ ਤੇ ਨਿਰੀਖਸ਼ਣ ਅਨੁਸਾਰ ਸਦੀਆਂ ਤੋਂ ਸਿਰਜਦੇ ਆਏ ਹਨ ਤੇ ਅਗੋਂ ਲਈ, ਵਿਗਿਆਨ ਦੀ ਉੱਨਤੀ ਸਦਕਾ, ਜੀਵਨ ਵਿਚ ਆ ਰਹੀ ਤਬਦੀਲੀ ਅਨੁਸਾਰ, ਇਹਨਾਂ ਦੀ ਸਿਰਜਣਾ ਹੁੰਦੀ ਰਹੇਗੀ। ਜੀਵਨ ਦੀ ਧਾਰਾ ਕਦੇ ਰੁਕੀ ਨਹੀਂ; ਕੋਈ ਰੋਕ ਉਸਨੂੰ ਰੋਕ ਨਹੀਂ ਸਕੀ, ਲੋਕ-ਬੁਝਾਰਤਾਂ ਦਾ ਵਿਕਾਸ ਵੀ ਕਿਸੇ ਤਰ੍ਹਾਂ ਰੁਕ ਨਹੀਂ ਸਕਦਾ।

ਲੋਕ-ਬੁਝਾਰਤਾਂ ਦੀ ਸਿਰਜਨਾ ਵਿਚ ਉਪਮਾ ਜਾਂ ਤਸ਼ਬੀਹ ਨੂੰ ਹਮੇਸ਼ਾਂ ਮੁਖੀ ਮੰਨਿਆਂ ਗਿਆ ਹੈ। ਉਪਮਾਂ ਤੋਂ ਬਿਨਾਂ ਇਹਨਾਂ ਦੀ ਸਿਰਜਨਾ ਅਸੰਭਵ ਹੀ ਹੈ। ਸਿਰਜਣਹਾਰ ਦੀ ਸੂਝ ਸਭ ਤੋਂ ਪਹਿਲਾਂ, ਇਕ ਸੁਭਾਅ ਜਾਂ ਇਕ ਰੂਪ ਵਾਲੀਆਂ ਦੋ ਚੀਜ਼ਾਂ ਦੀ ਚੋਣ ਕਰਦੀ ਹੈ ਤੇ ਫੇਰ ਉਹਨਾਂ ਵਿਚੋਂ ਇਕ ਚੀਜ਼ ਨੂੰ ਜੋ ਲੋਕਾਂ ਦੀ ਲੋੜ ਦਾ ਵਿਸ਼ੇਸ਼ ਭਾਗ ਹੁੰਦੀ ਹੈ, ਆਪਣੀ ਬੁਝਾਰਤ ਦਾ ਵਿਸ਼ਾ ਬਣਾਉਂਦੀ ਤੇ ਉਸ ਨਾਲ ਸੁਭਾਅ ਤੇ ਰੂਪ ਦੇ ਪੱਖ ਤੋਂ ਮੇਲ ਰੱਖਦੀ ਦੂਜੀ ਚੀਜ਼ ਨਾਲ ਉਸ ਨੂੰ ਉਪਮਾ ਦਿੰਦੀ ਹੈ, ਪਰ ਸੁਣਨ ਵਾਲੇ ਅੱਗੇ ਕੇਵਲ ਉਪਮਾ ਹੀ ਰਹਿੰਦੀ ਹੈ, ਮੂਲ ਚੀਜ਼ ਦਾ ਰੂਪ ਜੋ ਬੁਝਾਰਤ ਦਾ ਉੱਤਰ ਹੁੰਦਾ ਹੈ, ਸ਼ਬਦਾਂ ਵਿਚ ਲੁਕਿਆ ਰਹਿੰਦਾ ਹੈ। ਸੁਣਨ ਵਾਲੇ ਦੀ ਬੁੱਝਣ ਸ਼ਕਤੀ ਨੂੰ ਐਧਰ ਓਧਰ ਭਟਕਾਉਣਾ ਇਸਦਾ ਮਨੋਰਥ ਹੁੰਦਾ ਹੈ। ਜਿਹੜੀ ਬੁਝਾਰਤ ਇਸ ਭਟਕਣਾ ਨੂੰ ਜ਼ਿਆਦਾ ਉਤਸੁਕਤਾ ਦੇਣ ਵਿਚ ਸਫ਼ਲ ਹੁੰਦੀ ਹੈ, ਉਹੀ ਵਧੀਆ ਸਮਝੀ ਜਾਂਦੀ ਹੈ।

ਇਹ, ਢੁੱਕਵੀਂ ਪਰ ਸਾਦਾ ਉਪਮਾ ਦੇ ਸਕਣ ਦਾ ਚਮਤਕਾਰ ਕੇਵਲ ਬੁਝਾਰਤਾਂ ਦੇ ਹੀ ਹਿੱਸੇ ਵਿਚ ਆਇਆ ਹੈ। ਭਾਵੇਂ ਕਾਵਿ-ਕਲਾ ਵਿਚ ਉੱਚੀ ਤੋਂ ਉੱਚੀ ਉਪਮਾ ਦੇ ਸਕਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਪਰ ਉਪਮਾ ਦੀ ਸਾਦਗੀ ਤੇ ਅਸਚਰਜਤਾ ਭਰੀ ਰੌਚਿਕਤਾ ਲੋਕ-ਬੁਝਾਰਤਾਂ ਦੀ ਹੀ

15/ਲੋਕ ਬੁਝਾਰਤਾਂ