ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ-ਬੁਝਾਰਤਾਂ ਵਿਚਲੀ ਕੁਦਰਤ ਵੀ ਲੋਕ-ਗੀਤਾਂ ਦੀ ਕੁਦਰਤ ਵਾਂਗ ਆਮ ਲੋਕਾਂ ਦੀਆਂ ਰੁਚੀਆਂ ਨੂੰ ਧੂਹ ਪਾ ਸਕਣ ਵਾਲੀ ਉਹਨਾਂ ਦੇ ਚੁਗਿਰਦੇ ਵਿਚ ਟਹਿਕਦੀ, ਉਹਨਾਂ ਦੀ ਜ਼ਿੰਦਗੀ ਦੀ ਸਾਂਝੀਵਾਲ ਤੇ ਨਵੀਂ ਪ੍ਰੇਰਨਾ ਦੇਣ ਵਾਲੀ ਹੈ। ਕਪਾਹ ਦੀਆਂ ਫੁੱਟੀਆਂ, ਕਣਕ ਦੀਆਂ ਬੱਲੀਆਂ, ਮੱਕੀ ਦੀਆਂ ਛੱਲੀਆਂ, ਖੇਤ, ਖੇਤਾਂ ਦੇ ਸਿਆੜ, ਖੂਹ, ਖਾਲ, ਬੱਦਲ, ਮੀਂਹ, ਬਿਜਲੀ, ਨ੍ਹੇਰੀ, ਚੰਦ, ਤਾਰੇ, ਸੂਰਜ ਤੇ ਰੁੱਤਾਂ ਲੋਕ-ਬੁਝਾਰਤਾਂ ਦੇ ਵਿਸ਼ੇ ਤੇ ਇਹਨਾਂ ਵਿਚਲੀਆਂ ਉਪਮਾਵਾਂ ਦਾ ਆਧਾਰ ਹਨ।

ਲੋਕ-ਬੁਝਾਰਤਾਂ ਦੀ ਅਸਚਰਜਤਾ ਤੇ ਰੌਚਿਕਤਾ ਵਿਚ, ਇਹਨਾਂ ਦੀ ਬਣਤਰ ਵਿਚਲਾ ਕੁਦਰਤੀ ਸੰਗੀਤ ਤੇ ਤੁਕਾਂਤ ਵਾਧਾ ਕਰਦਾ ਹੈ। ਲੋਕਗੀਤਾਂ ਵਾਂਗ ਹੀ ਲੋਕ-ਬੁਝਾਰਤਾਂ ਦੇ ਤੁਕਾਂਤ ਜਾਂ ਤੋਲ ਕਿਸੇ ਗਿਣੇ ਮਿਥੇ ਮਾਤਿਕ ਜਾਂ ਗਣਕ ਛੰਦ ਦੇ ਨੇਮਾਂ ਦੇ ਅਧੀਨ ਨਹੀਂ, ਸਗੋਂ ਇਹ ਤਾਂ ਸੋਚ ਤੇ ਵਿਸ਼ੇ ਦੇ ਸੁਭਾਅ ਤੇ ਵੇਗ ਅਨੁਸਾਰ ਹੀ ਆਉਂਦੇ ਤੇ ਕੰਨ-ਰਸ ਵਿਚ ਵਾਧਾ ਕਰਦੇ ਹਨ। ਬਣਤਰ ਦੇ ਪੱਖ ਦੀ ਇਹ ਖੁੱਲ੍ਹ ਵੀ ਦੇਸਾਂ ਤੇ ਪਰਦੇਸਾਂ ਦੀਆਂ ਲੋਕ-ਬੁਝਾਰਤਾਂ ਵਿਚ ਇਕੋ ਤਰ੍ਹਾਂ ਮਿਲ ਸਕਦੀ ਹੈ।

ਲੋਕ-ਗੀਤਾਂ ਵਾਂਗ ਹੀ ਬੁਝਾਰਤਾਂ ਇਕ-ਤੁਕੀਆਂ, ਦੋ-ਤੁਕੀਆਂ ਜਾਂ ਚਾਰ-ਤੁਕੀਆਂ ਤੇ ਜਾਂ ਸੱਤ-ਅੱਠ ਤੁਕੀਆਂ ਦੇ ਰੂਪ ਵਿਚ ਮਿਲ ਸਕਦੀਆਂ ਹਨ।

ਲੋਕਾਂ ਦੀ ਵਿਹਲ ਵਿਚ, ਖਾਸ ਤੌਰ ਤੇ ‘ਖਾਓ ਪੀਓ' ਤੋਂ ਪਿਛੋਂ ਸੋਤੇ ਵੇਲੇ, ਲੋਕ-ਬੁਝਾਰਤਾਂ ਲੋਕਾਂ ਦੇ ਮਨ-ਪਰਚਾਵੇ ਤੇ ਉਹਨਾਂ ਦੀ ਸੂਝ ਨੂੰ ਸਾਣ ਤੇ ਲਾਣ ਦਾ ਸਾਧਨ ਬਣਦੀਆਂ ਹਨ। ਇਹੋ ਜਿਹੀ ਵਿਹਲ ਵਿਚ ਹੀ ਬੁਝਾਰਤਾਂ ਜਨਮਦੀਆਂ ਤੇ ਪ੍ਰਵਾਨ ਚੜ੍ਹਦੀਆਂ ਹਨ, ਕਿਸੇ ਪੁਰਾਣੀ ਬੁਝਾਰਤ ਦੀ ਕੁਖੋਂ ਕੋਈ ਨਵੀਂ ਬੁਝਾਰਤ, ਸੋਵਤੀ ਹੀ ਜਨਮ ਧਾਰ ਲੈਂਦੀ ਹੈ, ਜਿਵੇਂ ਕਿ ਲੋਕਾਂ ਦੀ ਪੁਰਾਣੀ ਨਸਲ ਤੋਂ ਨਵੀਂ ਨਸਲ ਤੇ ਨਵੀਂ ਤੋਂ ਫੇਰ ਨਵੀਂ। ਨਵੀਆਂ ਬੁਝਾਰਤਾਂ ਵਿਚ ਪੁਰਾਣੀਆਂ ਬੁਝਾਰਤਾਂ ਦੇ ਸੰਸਕਾਰ ਆਪ ਮੁਹਾਰੇ ਆ ਸਮਾਉਂਦੇ ਹਨ ਤੇ ਨਾਲ ਹੀ ਨਵੇਂ ਚੌਗਿਰਦੇ ਦੇ ਨਵੇਂ ਪ੍ਰਭਾਵ ਵੀ ਤੇ ਇਸੇ ਤਰ੍ਹਾਂ ਉਹਨਾਂ ਦੇ ਵਿਕਾਸ ਦਾ ਚੱਕਰ ਚਲਦਾ ਰਹਿੰਦਾ ਹੈ। ਉਹਨਾਂ ਵਿਚ ਬੁੱਧੀ ਦੇ ਨਵੇਂ ਤੋਂ ਨਵੇਂ ਚਮਤਕਾਰ ਸਮਾਉਂਦੇ ਰਹਿੰਦੇ ਹਨ। ਇਹੋ ਅਮਲ ਲੋਕ-ਕਲਾ ਦੇ ਬਾਕੀ ਅੰਗਾਂ ਵਿਚ ਵੀ ਚਲਦਾ ਤੇ ਉਹਨਾਂ ਨੂੰ ਵਿਕਾਸ ਵਿਚ ਲਿਆਉਂਦਾ ਰਹਿੰਦਾ ਹੈ।


17/ ਲੋਕ ਬੁਝਾਰਤਾਂ