ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਦਵਾਨ ਉਸ ਸਮੇਂ ਦੀਆਂ ਬੁਝਾਰਤਾਂ ਹੀ ਤਸੱਵਰ ਕਰਦੇ ਹਨ। ਸ੍ਰੀ ਰਾਮ ਨਰੇਸ਼ ਤ੍ਰਿਪਾਠੀ ਨੇ ਇੱਥੋਂ ਤੱਕ ਕਿਹਾ ਹੈ ਕਿ ਰਿਗਵੇਦ ਨੂੰ ਬੁਝਾਰਤਾਂ ਦਾ ਵੇਦ ਕਿਹਾ ਜਾਵੇ ਤਾਂ ਗ਼ਲਤ ਨਹੀਂ। ਮਿਸਾਲ ਵਜੋਂ ਇਕ ਮੰਤਰ ਹੈ-

चत्वादि जूंगा त्रयो श्रस्य पादा, द्वे शीर्ष सप्त हस्तासो श्रस्य
त्रिधा बद्दो कृषभो दोदवीति, महादेवा मा श्रा विवेश

'ਜਿਸ ਦੇ ਚਾਰ ਸਿੰਗ, ਤਿੰਨ ਪੈਰ, ਦੋ ਸਿਰ ਤੇ ਸੱਤ ਹੱਥ ਹਨ, ਜੋ ਤਿੰਨ ਥਾਵਾਂ ਤੋਂ ਬੰਨ੍ਹਿਆ ਹੋਇਆ ਹੈ, ਉਹ ਆਦਮੀਆਂ ਵਿਚ ਪ੍ਰਵੇਸ਼ ਕਰ ਰਿਹਾ ਮਹਾਦੇਵ ਹੈ।'

ਕੋਈ ਇਸ ਪਹੇਲੀ ਦਾ ਜਵਾਬ ਦਿੰਦਾ ਹੈ 'ਬ੍ਰਿਸ਼ਭਯੱਗ, ਪਤੰਜਲੀ ਨੇ ਕਿਹਾ ਕਿ ਇਹ 'ਸ਼ਬਦ' ਹੈ। ਕਈ ਇਸ ਨੂੰ 'ਸੂਰਜ' ਕਹਿੰਦੇ ਹਨ- ਚਾਰ ਸਿੰਗ, ਚਾਰ ਦਿਸ਼ਾਵਾਂ, ਤਿੰਨ ਪੈਰ- ਤਿੰਨ ਵੇਦ, ਦੋ ਸਿਰ- ਰਾਤ ਤੇ ਦਿਨ, ਸੱਤ ਹੱਥ- ਸਤਰੰਗੀਆਂ ਕਿਰਣਾਂ ਅਤੇ ਬੰਨ੍ਹਣ ਦੀਆਂ ਤਿੰਨ ਥਾਵਾਂ-ਧਰਤੀ, ਦਿਸਹੱਦਾ ਤੇ ਸਵਰਗ ਲੋਕ। ਇਸ ਤਰ੍ਹਾਂ ਦੀਆਂ ਬਾਤਾਂ ਪੰਜਾਬੀ ਵਿਚ ਅੱਜ ਵੀ ਕਈ ਹਨ-

'ਬਾਹਰੋਂ ਲਿਆਂਦਾ ਬਿੰਦਰਾ ਵੱਢ ਕੇ,
ਘਰੇ ਲਵਾਏ ਕੰਨ।'
ਬਾਰੀਂ ਪੈਰੀਂ ਬਿੰਦਰਾ ਤੁਰਦਾ,
ਛ ਮੂੰਹ ਬਾਰਾਂ ਕੰਨ।
(ਸੁਹਾਗਾ)

ਜਾਂ
‘ਚਾਰ ਭਰਾ ਮੇਰੇ ਅਕਣੇ ਮਕਣੇ
ਚਾਰ ਭਰਾ ਮੇਰੇ ਮਿਟੀ ਚੱਖਣੇ।
ਦੋ ਭਰਾ ਮੇਰੇ ਬੁਰਜ ਮੁਨਾਰੇ
ਦੋ ਭਰਾ ਜਿਉਂ ਦਿੱਸਣ ਤਾਰੇ
ਇਕ ਭੈਣ ਮੇਰੀ ਮੱਖੀਆਂ ਮਾਰੇ।
(ਮੱਝ)

20/ ਲੋਕ ਬੁਝਾਰਤਾਂ