ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਜੰਨ ਬੰਨ੍ਹਣਾ ਵੀ ਇਕ ਬੁਝਾਰਤ ਹੀ ਹੈ, ਜਿਸ ਨੂੰ ਜਾਞੀਆਂ ਵਿਚੋਂ ਕੋਈ ਸਿਆਣਾ ਆਪਣੀ 'ਬਚਨ-ਚਤੁਰਾਈ' ਨਾਲ 'ਖੋਲ੍ਹਦਾ ਹੈ।'

ਕਈ ਕਬੀਲਿਆਂ ਵਿਚ ਫਸਲ ਪੱਕਣ ਸਮੇਂ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਅਤੇ ਫਸਲ ਕੱਟਣ ਤੇ ਨਵੀਆਂ ਬੀਜਣ ਵੇਲੇ ਬੁਝਾਰਤਾਂ ਪਾਉਣ ਦੀ ਸਖ਼ਤ ਮਨਾਹੀ ਹੁੰਦੀ ਹੈ।[1] ਜਿਵੇਂ ਸਾਡੇ ਪਿੰਡਾਂ ਵਿਚ ਦਿਨੇ ਬਾਤ ਪਾਉਣੀ ਠੀਕ ਨਹੀਂ ਸਮਝੀ ਜਾਂਦੀ, ਸਿਆਣੇ ਆਖਦੇ ਹਨ ਦਿਨੇ ਬਾਤਾਂ ਪਾਉਣ ਨਾਲ ਰਾਹੀਂ ਰਾਹ ਭੁਲ ਜਾਂਦੇ ਹਨ, ਇਸ ਲਈ ਰਾਤ ਨੂੰ ਸੌਣ ਵੇਲੇ ਹੀ ਬਾਤਾਂ ਦਾ ਅਖਾੜਾ ਜੰਮਦਾ ਹੈ।

ਉਪਰੋਕਤ ਵੀਚਾਰ ਤੋਂ ਇਹ ਤਾਂ ਸਪੱਸ਼ਟ ਹੈ ਕਿ ਬੁਝਾਰਤਾਂ ਬਹੁਤ ਪੁਰਾਣੀ ਚੀਜ਼ ਹਨ ਤੇ ਜਿਥੇ ਜੰਗਲੀ ਕਬੀਲਿਆਂ ਵਿਚ ਵੀ ਇਨ੍ਹਾਂ ਦਾ ਰਿਵਾਜ਼ ਹੈ ਉਥੇ ਸੰਸਕ੍ਰਿਤ (ਪ੍ਰਹੇਲਕਾ), ਫਾਰਸੀ (ਚੀਸਤਾਂ), ਯੂਨਾਨੀ (anigma), ਲਾਤੀਨੀ, ਅੰਗਰੇਜ਼ੀ (riddle) ਆਦਿ ਜ਼ੁਬਾਨਾਂ ਵਿੱਚ ਵੀ ਬੁਝਾਰਤੀ-ਸਾਹਿਤ ਬੇਅੰਤ ਮਿਲਦਾ ਹੈ।

ਭਾਰਤੀ ਸਾਹਿਤ ਵਿਚ ਪ੍ਰਹੇਲਕਾ, ਪਹੇਲੀ, ਮੁਦਾਵਣੀ, ਬੁਝੋਵਲ, ਬੁਝਾਇਨ (ਪਹਾੜੀ ਉਪਭਾਸ਼ਾ) ਬੁਝਾਰਤ, ਬਾਤ ਆਦਿ ਕਈ ਨਾਂ ਮਿਲਦੇ ਹਨ। ਸੰਸਕ੍ਰਿਤ ਵਿਚ ਇਸ ਨੂੰ 'ਬ੍ਰਹਿਮੋਦਯ' ਵੀ ਕਹਿੰਦੇ ਹਨ। ਪੰਜਾਬੀ ਵਿਚ ਪੜ੍ਹੇ ਲਿਖੇ ‘ਬੁਝਾਰਤ’ ਕਹਿੰਦੇ ਹਨ। ਪਰ ਬੁਝਾਰਤਾਂ ਪਾਉਣ ਵਾਲੇ ਲੋਕ 'ਬਾਤ' ਆਖਦੇ ਹਨ, ਬਾਤਾਂ ਦੋ ਤਰ੍ਹਾਂ ਦੀਆਂ ਹਨ ਬੁੱਝਣ ਵਾਲੀਆਂ ਤੇ ਕਹਾਣੀ ਰੂਪ ਵਿਚ ਸੁਣਨ ਵਾਲੀਆਂ। ਇਹ ਸੰਕੇਤ, ਬੁੱਝਣ ਵਾਲੀਆਂ ਬਾਤਾਂ ਵਲ ਹੀ ਹੈ:-

'ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚਲੇ, ਚਹੁੰ ਕੁੰਟਾਂ ਦੇ ਮੁੰਡੇ।
(ਖਿਦੋ ਖੂੰਡੀ)

'ਮੈਂ ਬਾਤ ਪਾਵਾਂ, ਤੇਰਾ ਨੱਕ ਵੱਢ ਖਾਵਾਂ।'
(ਗੰਢਾ)


22/ ਲੋਕ ਬੁਝਾਰਤਾਂ

  1. ***Standard Dictionary of Folklore, Mythology and Legend (Pp 938-44)