ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ-ਬੁਝਾਰਤਾਂ ਬਾਰੇ

ਬੁਝਾਰਤਾਂ ਕਹਿਣ ਦਾ ਰਿਵਾਜ ਅੱਜ ਦਾ ਨਹੀਂ, ਸਗੋਂ ਢੇਰ ਪੁਰਾਣਾ ਹੈ। ਲੋਕ-ਗੀਤਾਂ ਵਾਂਗ ਹੀ ਕਿਹਾ ਨਹੀਂ ਜਾ ਸਕਦਾ ਕਿ ਇਹ ਕਦੋਂ ਰਚੀਆਂ ਗਈਆਂ ਅਤੇ ਕਿਸ ਨੇ ਰਚੀਆਂ।

ਜਦ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਵਲ ਇਨ੍ਹਾਂ ਲੋਕ-ਬੁਝਾਰਤਾਂ ਦਾ ਪਤਾ ਕਰਨ ਲਈ ਇਕ ਪੜਚੋਲਵੀਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਸਿਵਾਏ ਚੌਧਵੀਂ ਈਸਵੀ ਸਦੀ ਦੇ ਕਿਤੇ ਵੀ ਬੁਝਾਰਤਾਂ ਦਾ ਲਿਖਤੀ ਰੂਪ ਨਹੀਂ ਮਿਲਦਾ। ਚੌਧਵੀਂ ਸਦੀ ਵਿਚ ਮੀਰ ਖ਼ੁਸਰੋ (1253-1325) ਨਾਮੀ ਇਕ ਸੂਫੀ ਕਵੀ ਹੋਇਆ ਹੈ। ਕਿਹਾ ਜਾਂਦਾ ਹੈ ਕਿ ਖ਼ੁਸਰੋ ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਇਸੇ ਮੀਰ ਖ਼ੁਸਰੋ ਦੀਆਂ ਪੰਜਾਬੀ ਸਾਹਿਤ ਵਿਚ ਸੌ ਦੇ ਲਗਭਗ 'ਕਹਿ ਮੁਕਰਨੀਆਂ' ਮਿਲਦੀਆਂ ਹਨ। ਕਹਿ ਮੁਕਰਨੀਆਂ ਨੂੰ ਵੀ ਇਕ ਪ੍ਰਕਾਰ ਦੀਆਂ ਬੁਝਾਰਤਾਂ ਹੀ ਕਿਹਾ ਜਾ ਸਕਦਾ ਹੈ। ਪਰ 'ਕਹਿ ਮੁਕਰਨੀ' ਦਾ ਤੱਤ ਉਸ ਦੇ ਅੰਤ ਵਿਚ ਦਿੱਤਾ ਹੁੰਦਾ ਹੈ। ਮੀਰ ਖ਼ੁਸਰੋ ਦੀ ਇਕ 'ਕਹਿ ਮੁਕਰਨੀ' ਇਸ ਪ੍ਰਕਾਰ ਹੈ:-

ਅੱਧੀ ਰਾਤ ਉਹ ਸਿਰ ਪੁਰ ਆਵੇ
ਕੋਠੇ ਚੜ੍ਹ ਕੇ ਝਾਤੀਆਂ ਪਾਵੇ
ਉਸ ਨੂੰ ਵੇਖ ਮਨ ਹੋਏ ਅਨੰਦ
ਰੀ ਸਖੀ ਸਾਜਨ? ਨਾ ਸਖੀ ਚੰਦ

ਪਹਿਲੀਆਂ ਸਤਰਾਂ ਸਹੇਲੀ ਨੂੰ ਭੁਲੇਖਾ ਪਾ ਦੇਂਦੀਆਂ ਹਨ। ਉਹ ਆਪਣੀ ਸਹੇਲੀ ਪਾਸੋਂ ਪੁਛਦੀ ਹੈ ਕਿ ਅੱਧੀ ਰਾਤੀਂ ਕੋਠੇ ਉੱਤੇ ਤੇਰਾ ਪਿਆਰਾ ਆਉਂਦਾ ਹੈ? ਉਹ ਝੱਟ 'ਚੰਦ' ਆਖ ਕੇ ਉਹਦਾ ਭੁਲੇਖਾ ਦੂਰ ਕਰ ਦੇਂਦੀ ਹੈ।

ਕਹਿ ਮੁਕਰਨੀਆਂ ਤੋਂ ਉਪਰੰਤ ਖ਼ੁਸਰੋ ਦੀਆਂ ਬੁਝਾਰਤਾਂ ਵੀ ਮਿਲਦੀਆਂ ਹਨ। ਵੰਨਗੀ ਲਈ ਦੋ ਹੇਠ ਦਿੱਤੀਆਂ ਜਾਂਦੀਆਂ ਹਨ:-

34/ ਲੋਕ ਬੁਝਾਰਤਾਂ