ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਦਿਨ ਦਾ ਸਫਰ ਮੁਕਾ ਪੱਛਮ ਦੀ ਕੁੱਖ ਵਿਚ ਜਾ ਛਿਪਦਾ ਹੈ। ਛਿਪਣ ਤੇ ਕੋਈ ਬੁਝਾਰਤ ਦਾ ਰਸੀਆ ਸੂਰਜ ਦੀ ਭਾਲ ਕਰਦਾ ਹੈ:-

ਚਾਂਦੀ ਦਾ ਮੁਖੜਾ
ਸੋਨੇ ਦੀਆਂ ਮੁੱਛਾਂ
ਰਾਮ ਜੀ ਲੈ ਗਿਆ
ਮੈਂ ਕੀਹਨੂੰ ਕੀਹਨੂੰ ਪੁੱਛਾਂ

(ਸੂਰਜ)

ਕਾਲੋਂ ਭਰੀ ਰਾਤ ਸਮੇਂ ਟਿਮਟਿਮਾਂਦੇ ਤਾਰੇ ਪਿਆਰੇ ਪਿਆਰੇ, ਚੰਗੇ ਚੰਗੇ ਲਗਦੇ ਹਨ। ਦਿਨ ਚੜ੍ਹਦਾ ਹੈ ਸੂਰਜ ਦੀ ਪਹਿਲੀ ਕਿਰਨ ਹੀ ਆਪਣੀ ਬੁੱਕਲ ਵਿਚ ਲੁਕੋ ਲੈਂਦੀ ਹੈ ਉਨ੍ਹਾਂ ਨੂੰ:-

ਨੀਲੀ ਟਾਕੀ
ਚਾਵਲ ਬੱਧੇ
ਦਿਨੇ ਗੁਆਚੇ
ਰਾਤੀਂ ਲੱਭੇ

(ਤਾਰੇ)

ਜਿਨ੍ਹਾਂ ਪੁਰਸ਼ਾਂ ਨੂੰ ਚਾਂਦੀ ਦੇ ਰੁਪਿਆਂ ਨਾਲ ਪ੍ਰੇਮ ਹੁੰਦਾ ਹੈ। ਉਹ ਨੀਲ ਗਗਨ ਤੇ ਚਮਕਦੇ ਤਾਰਿਆਂ ਨੂੰ ਰੁਪਿਆਂ ਨਾਲ ਭਰੀ ਥਾਲੀ ਨਾਲ ਤੁਲਨਾ ਦੇਂਦੇ ਹਨ:-

ਰੜੇ ਮੈਦਾਨ ਵਿਚ
ਰੁਪਿਆਂ ਦੀ ਥਾਲੀ
ਭਰੀ ਪਈ ਏ

(ਤਾਰੇ)

ਰੁਪਏ ਤਾਂ ਗਿਣੇ ਜਾ ਸਕਦੇ ਹਨ, ਪਰ ਤਾਰਿਆਂ ਦੀ ਗਿਣਤੀ ਭਲਾ ਕੌਣ ਕਰ ਸਕਦੈ:-

53/ ਲੋਕ ਬੁਝਾਰਤਾਂ