ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜੀਵ ਜੰਤੂ

ਧਰਤੀ ਤੇ ਵਿਚਰਦੇ ਅਨੇਕਾਂ ਜੀਵ ਜੰਤੂ ਮਨੁਖ ਨੂੰ ਹਾਣ ਅਤੇ ਲਾਭ ਪਚਾਉਂਦੇ ਹੀ ਰਹਿੰਦੇ ਹਨ। ਜਿਥੇ ਮਨੁੱਖ ਧਰਤੀ ਬਾਰੇ ਕੁਝ ਕਹਿੰਦਾ ਸੁਣਦਾ ਹੈ ਉਥੇ ਉਹ ਇਨ੍ਹਾਂ ਜੀਵ ਜੰਤੂਆਂ ਨੂੰ ਆਪਣੇ ਦਿਲੋਂ ਵਿਸਾਰਦਾ ਨਹੀਂ। ਲੋਕ-ਬੁਝਾਰਤਾਂ ਦਾ ਅਖਾੜਾ ਲਗਦਾ ਹੈ, ਧਰਤੀ ਦੀਆਂ ਗੱਲਾਂ ਹੁੰਦੀਆਂ ਹਨ, ਅੰਬਰਾਂ ਨਾਲ ਨਾਤੇ ਜੋੜੇ ਜਾਂਦੇ ਹਨ। ਇਕ ਨਹੀਂ ਅਨੇਕਾਂ ਬੁਝਾਰਤਾਂ ਰਾਹੀਂ ਜੀਵਾਂ ਜੰਤੂਆਂ ਨੂੰ ਅਖਾੜੇ ਵਿਚ ਸੱਦਿਆ ਜਾਂਦਾ ਹੈ।

ਮੱਝ ਆਪਣੇ ਬਾਰੇ ਆਪ ਆਖਦੀ ਹੈ:-

ਚਾਰ ਭਾਈ ਮੇਰੇ ਸੋਹਣੇ ਮੋਹਣੇ
ਚਾਰ ਭਾਈ ਮੇਰੇ ਮਿੱਟੀ ਢੋਣੇ
ਨੌਵੀਂ ਭੈਣ ਮੇਰੀ ਪੱਖੀ ਝੱਲਣੀ

ਇਹ ਹਨ ਮੱਝ ਦੇ ਚਾਰ ਸੋਹਣੇ ਥਣ, ਚਾਰ ਮਿੱਟੀ ਢੋਣੇ ਪੈਰ ਅਤੇ ਨੌਵੀਂ ਪੱਖੀ ਝੱਲਣੀ ਪੂਛ:-

ਇਸੇ ਕਰਕੇ ਮੱਝ ਦੇ ਚਾਰ ਥਣ ਕਿਸੇ ਨੂੰ ਬੈਂਗਣ ਅਤੇ ਬਕਰੀ ਦੇ ਦੋ ਥਣ ਤੋਰੀਆਂ ਜਾਪਦੀਆਂ ਹਨ:-

ਚਾਰ ਬੈਂਗਣ
ਦੋ ਤੋਰੀਆਂ
(ਬੱਕਰੀ ਤੇ ਮੱਝ)

ਸੂਰੀ, ਕੁੱਤੀ, ਮੱਝ ਅਤੇ ਬੱਕਰੀ ਦੇ ਥਣਾਂ ਦੀ ਕੋਈ ਸਮੁੱਚੀ ਗਿਣਤੀ ਕਰ ਦੇਂਦਾ ਹੈ। ਸੂਰੀ ਦੇ ਥਣਾਂ ਦੀ ਗਿਣਤੀ ਬਾਰਾਂ, ਕੁੱਤੀ ਦੇ ਠਾਰਾਂ, ਮੱਝ ਦੇ ਚਾਰ ਅਤੇ ਬੱਕਰੀ ਦੇ ਦੋ ਦੀ ਹੁੰਦੀ ਹੈ:

59/ ਲੋਕ ਬੁਝਾਰਤਾਂ