ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਤੀ ਹੋਈਆਂ ਠੀਕਰਾਂ
ਟੁਕੜੇ ਹੋਏ ਚਾਰ
(ਦੰਦ ਦਾਹੜਾਂ)

ਜੀਭ ਇਕ ਅਜਿਹਾ ਅੰਗ ਹੈ ਜਿਹੜਾ ਸਾਡੇ ਮਨੋਭਾਵਾਂ ਨੂੰ ਬੋਲਾਂ ਦੇ ਸਹਾਰੇ ਦੂਜੇ ਤੀਕਰ ਪਚਾਉਂਦਾ ਹੈ। ਬਚੇ ਦੀ ਤੋਤਲੀ ਜ਼ਬਾਨ ਕਿੰਨੀ ਪਿਆਰੀ ਲਗਦੀ ਹੈ। ਬੱਚੇ ਆਪਣੇ ਕੌਡੀਆਂ ਵਰਗੇ ਦੰਦਾਂ ਨਾਲ ਸ਼ਿੰਗਾਰੇ ਹੋਏ ਮੂੰਹ ਵਿਚ ਜੀਭ ਨੂੰ ਇਸ ਘਰ ਦੀ ਰਾਣੀ ਸਮਝਦੇ ਹਨ। ਇਹ ਰਾਣੀ ਭੂਟੋ ਦਾ ਨਾਂ ਰਖਾ ਇਸ ਵਿਚ ਇਕ ਅਣੋਖਾ ਜਿਹਾ ਨਾਚ ਨਚਦੀ ਹੈ:-

ਆਲ਼ਾ ਕੌਡੀਆਂ ਵਾਲਾ
ਵਿਚ ਮੇਰੀ ਭੂਟੋ ਨਚਦੀ
(ਜੀਭ)

ਕਈਆਂ ਨੂੰ ਭੂਟੋ ਨਾਂ ਚੰਗਾ ਨਹੀਂ ਲਗਦਾ। ਉਹ ਗੁਲਾਬੋ ਨਾ ਰੱਖ ਖੁਸ਼ ਹੋ ਜਾਂਦੇ ਨੇ:-

ਐਨੀ ਕੁ ਹੱਟੀ
ਵਿਚ ਬੈਠੀ ਗੁਲਾਬੋ ਜੱਟੀ
(ਜੀਭ)

ਕਈਆਂ ਨੂੰ ਨਾ ਭੂਟੋ ਚੰਗਾ ਲਗਦਾ ਹੈ ਨਾ ਗੁਲਾਬੋ। ਉਹ ਗੁਟਕੋ ਨਾਂ ਰਖ ਲੈਂਦੇ ਨੇ:-

ਐਨਾ ਕੁ ਆਲ਼ਾ
ਵਿਚ ਗੁਟਕੋ ਬੋਲੇ
(ਜੀਭ)

ਕੋਈ ਪੱਤਿਆਂ ਨਾਲ ਵੀ ਤੁਲਨਾ ਦੇ ਦਿੰਦਾ ਹੈ:-

ਬੱਤੀ ਟਾਹਲੇ
ਇੱਕ ਪੱਤ
(ਜੀਭ)

73/ ਲੋਕ ਬੁਝਾਰਤਾਂ