ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਧ 'ਚ ਖੁਰਪੀ
ਮੈਂ ਪਾਏ ਦਾਣੇ
ਮੈਨੂੰ ਹੁਰਕੀ
(ਚੱਕੀ)

ਮਣਾਂ ਮੂੰਹੀ ਦਾਣੇ ਪੀਹਕੇ ਵੀ ਚੱਕੀ ਦੇ ਕੱਖ ਪੱਲੇ ਨਹੀਂ ਪੈਂਦਾ। ਆਟੇ ਦੀਆਂ ਅੱਗੇ ਰੋਟੀਆਂ ਬਣ ਜਾਂਦੀਆਂ ਹਨ ਪਰ ਵਿਚਾਰੀ ਚੱਕੀ .........

ਆਦਾ ਆਦਾ ਆਦਾ
ਸਾਰਾ ਟੱਬਰ ਵਿਆਹਿਆ ਗਿਆ
ਕਮਾਰਾ ਰਹਿ ਗਿਆ ਦਾਦਾ
(ਚੱਕੀ)

ਚੱਕੀ ਦੇ ਗਲੇ ਵਿਚ ਜਿਹੜਾ ਪੁੜਾਂ ਦੇ ਵਿਚਕਾਰ ਹੁੰਦਾ ਹੈ ਦਾਣੇ ਪਾਏ ਜਾਂਦੇ ਹਨ ਅਤੇ ਪੁੜਾਂ ਦੇ ਆਲੇ ਦੁਆਲੇ ਤੋਂ ਆਟਾ ਕੱਠਾ ਕੀਤਾ ਜਾਂਦਾ ਹੈ:-

ਵਿਚਾਲੇ ਬੀਜੀ
ਬਨਿਓਂ ਵੱਢੀ
(ਚੱਕੀ)

ਜਦ ਪੀਹਣ ਵਾਲੀ ਆਟਾ ਪੀਹਣ ਮਗਰੋਂ ਚੱਕੀ ਸਾਫ ਕਰਨ ਲਈ ਚੱਕੀ ਦਾ ਉਪਰਲਾ ਪੁੜ ਚੁਕਦੀ ਹੈ ਤਾਂ ਵਿੱਚੋਂ ਆਟਾ ਨਿਕਲ ਆਉਂਦਾ ਹੈ। ਇਸੇ ਆਟੇ ਨੂੰ ਕਿਸੇ ਸ਼ਰਾਰਤੀ ਮਨ ਨੇ ਸ਼ਰਾਰਤ ਭਰੀ ਬੁਝਾਰਤ ਦਾ ਰੂਪ ਦਿੱਤਾ ਹੈ:-

ਮੰਜੇ ਤੇ ਪਏ ਦੋ
ਇਕ ਨੂੰ ਮੈਂ ਹਲਾਇਆ
ਵਿੱਚੋਂ ਬੱਗਾ ਬੱਗਾ ਨਿਕਲ ਆਇਆ
(ਚੱਕੀ ਦਾ ਆਟਾ)

ਤਕੜੀ ਵੀ ਤਾਂ ਵਧੇਰੇ ਆਟਾ ਆਦਿ ਤੋਲਣ ਲਈ ਵਰਤੀ ਜਾਂਦੀ ਹੈ। ਇਸ ਬਾਰੇ ਵੀ ਕਈ ਮਨੋਰੰਜਕ ਬੁਝਾਰਤਾਂ ਮਿਲਦੀਆਂ ਹਨ:-

82/ ਲੋਕ ਬੁਝਾਰਤਾਂ