ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਟੂਆ ਖਾ ਗਿਆ ਬਟੂਆ, ਫਿਰ ਟਟੂਏ ਦਾ ਟਟੂਆਂ——ਜਦੋਂ ਕਿਸੇ ਕਮਜ਼ੋਰ ਪੁੱਤ-ਧੀ ਨੂੰ ਰੱਜਵਾਂ ਖਾਣ-ਪੀਣ ਨੂੰ ਮਿਲੇ ਪ੍ਰੰਤੂ ਉਸ ਦੀ ਸਿਹਤ 'ਤੇ ਕੋਈ ਅਸਰ ਨਾ ਪਵੇ, ਉਦੋਂ ਹਾਸੇ ਵਿੱਚ ਇਹ ਅਖਾਣ ਵਰਤਦੇ ਹਨ।

ਟੱਪਾ ਜ਼ਮੀਂ ਤੇ ਨਾ ਜ਼ਿਮੀਂਦਾਰ——ਜਦੋਂ ਕੋਈ ਹੋਛਾ ਬੰਦਾ ਆਪਣੇ ਅਸਲੇ ਨਾਲ਼ੋਂ ਵਧੇਰੀ ਫ਼ੂੰ-ਫ਼ਾਂ ਕਰੇ, ਉਦੋਂ ਇੰਜ ਆਖਦੇ ਹਨ।

ਟੱਬਰ ਭੁੱਖਾ ਮਰੇ ਤੇ ਬਨਰਾ ਸੈਲਾਂ ਕਰੇ——ਜਦੋਂ ਕਿਸੇ ਬੰਦੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਬਾਹਰ ਸੈਰ ਸਪਾਟਾ ਕਰਦਾ ਫਿਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ——ਬਹੁਤੀ ਘਟੀਆ ਤੇ ਬਹੁਤੀ ਵਧੀਆ ਵਸਤੂ ਦੇ ਅਢੁੱਕਵੇਂ ਮੇਲ ਨੂੰ ਵੇਖ ਕੇ ਇੰਜ ਆਖੀਦਾ ਹੈ।

ਟਿੰਡ ਵਿੱਚ ਦਾਣੇ, ਘਰਾਟੀਆਂ ਨਾਲ਼ ਸਾਈਆਂ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਸ ਨੇ ਚੀਜ਼ ਤਾਂ ਥੋੜ੍ਹੀ ਜਿਹੀ ਲੈਣੀ ਹੋਵੇ, ਪ੍ਰੰਤੂ ਭਾਅ ਥੋਕ ਦਾ ਪੁੱਛਦਾ ਫਿਰੇ।

ਟੁੱਕਰ ਖਾਧੇ ਦਿਲ ਵਲਾਏ, ਕੱਪੜੇ ਪਾਟੇ ਘਰ ਨੂੰ ਆਏ——ਜਦੋਂ ਕੋਈ ਬੰਦਾ ਬਾਹਰ ਦੇਸ ਵਿੱਚ ਕਮਾਈ ਕਰਨ ਜਾਵੇ, ਉਥੇ ਆਪਣੇ ਸਾਕ ਸਬੰਧੀਆਂ ਕੋਲ ਕੁਝ ਦਿਨ ਰਹਿ ਕੇ ਬਿਨਾ ਕਮਾਈ ਕੀਤਿਆਂ ਵਾਪਸ ਆ ਜਾਵੇ, ਉਦੋਂ ਆਖਦੇ ਹਨ।

ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਸ ਵਿੱਚ ਭਾਵੇਂ ਕਿੰਨਾ ਲੜਾਈ ਝਗੜਾ ਹੋ ਜਾਵੇ ਆਖ਼ਰ ਆਪਣੇ-ਆਪਣੇ ਹੀ ਕੰਮ ਆਉਂਦੇ ਹਨ।

ਟੁੱਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ-ਜਦੋਂ ਲੜਨ——ਭਿੜਨ ਮਗਰੋਂ ਮਿੱਤਰਾਂ ਦੀ ਸੁਲਾਹ ਸਫ਼ਾਈ ਹੋ ਜਾਵੇ, ਪ੍ਰੰਤੂ ਇਹ ਸੁਲਾਹ ਬਹੁਤਾ ਚਿਰ ਨਾ ਨਿਭੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਟੁਣੂਆ ਗਿਆ ਪੱਤਰਾਂ ਨੂੰ, ਨਾ ਪੱਤਰ ਆਏ ਨਾ ਟੁਣੂਆਂ——ਜਦੋਂ ਕੋਈ ਨਿਕੰਮਾ ਬੰਦਾ ਕੋਈ ਚੀਜ਼ ਲੈਣ ਘਲਿਆ ਹੋਵੇ, ਪ੍ਰੰਤੂ ਆਪ ਵੀ ਵਾਪਸ ਨਾ ਮੁੜੇ, ਉਦੋਂ ਇੰਜ ਆਖਦੇ ਹਨ।

ਠਠਿਆਰ ਦੀ ਗਾਗਰ ਚੋਂਦੀ ਹੈ——ਇਹ ਇਕ ਅਟੱਲ ਸੱਚਾਈ ਹੈ ਕਿ ਕਾਰੀਗਰ ਆਪਣੇ ਘਰ ਦੇ ਕੰਮਾਂ ਲਈ ਆਲਸ ਵਰਤਦੇ ਹਨ, ਦਰਜ਼ੀਆਂ ਦੇ ਕਪੜੇ ਉਧੜੇ ਰਹਿੰਦੇ ਹਨ, ਮਲਾਹ ਦਾ ਹੁੱਕਾ ਸੁੱਕੇ ਦਾ ਸੁੱਕਾ।

ਲੋਕ ਸਿਆਣਪਾਂ/99